ਸ੍ਰੀ ਮੁਕਤਸਰ ਸਾਹਿਬ, 28 ਜੁਲਾਈ ()- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈਪੀਐਸ ਦੀਆਂ ਹਦਾਇਤਾਂ ਹੇਠ ਸਰਚ ਓਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਸਥਿਤ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਆਲੇ ਦੁਆਲੇ ਦੇ ਇਲਾਕਿਆਂ ‘ਚ ਪੁਲਿਸ ਟੀਮਾਂ ਨੇ ਇੱਕਸਾਰ ਕਾਰਵਾਈ ਕੀਤੀ। ਇਹ ਓਪਰੇਸ਼ਨ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡਾ.ਅਖਿਲ ਚੌਧਰੀ, ਆਈਪੀਐਸ ਦੀ ਨਿਗਰਾਨੀ ਹੇਠ ਐਸ.ਪੀ(ਡੀ) ਮਨਮੀਤ ਸਿੰਘ ਢਿੱਲੋ, ਡੀ.ਐਸ.ਪੀ ਨਵੀਨ ਕੁਮਾਰ (ਸ੍ਰੀ ਮੁਕਤਸਰ ਸਾਹਿਬ), ਡੀ.ਐਸ.ਪੀ ਇਕਬਾਲ ਸਿੰਘ (ਮਲੋਟ), ਡੀ.ਐਸ.ਪੀ ਅਵਤਾਰ ਸਿੰਘ (ਗਿੱਦੜਬਾਹਾ), ਡੀ.ਐਸ.ਪੀ ਜਸਪਾਲ ਸਿੰਘ (ਲੰਬੀ) ਨੇ ਆਪਣੇ ਇਲਾਕਿਆਂ ਵਿੱਚ ਓਪਰੇਸ਼ਨ ਦੀ ਅਗਵਾਈ ਕੀਤੀ। ਇਸ ਸਰਚ ਮੁਹਿੰਮ ਵਿੱਚ 220 ਤੋਂ ਵੱਧ ਪੁਲਿਸ ਕਰਮਚਾਰੀ /ਅਧਿਕਾਰੀ ਸ਼ਾਮਿਲ ਰਹੇ, ਜੋ ਕਿ ਵੱਖ-ਵੱਖ ਟੀਮਾਂ ਵਿਚ ਵੰਡੇ ਗਏ ਸਨ। ਜਿੱਥੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਜਨਤਾ ਦੀ ਜਾਨ-ਮਾਲ ਦੀ ਰੱਖਿਆ ਵੀ ਪੁਲਿਸ ਦੀ ਜੁਮੇਵਾਰੀ ਹੈ ।ਇਸੇ ਮਕਸਦ ਨੂੰ ਧਿਆਨ ਵਿਚ ਰੱਖਦਿਆਂ, ਪੁਲਿਸ ਵੱਲੋਂ ਰੇਲਵੇ ਸਟੇਸ਼ਨ ‘ਤੇ ਵਿਸ਼ੇਸ਼ ਸਰਚ ਓਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਸਾਰੇ ਇਲਾਕੇ ਨੂੰ ਸਭ ਤੋਂ ਪਹਿਲਾਂ ਸੀਲ ਕੀਤਾ ਗਿਆ। ਉਸ ਉਪਰੰਤ, ਸਟੇਸ਼ਨ ਅੰਦਰ ਅਤੇ ਆਲੇ-ਦੁਆਲੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਸੀ.ਸੀ.ਟੀ.ਵੀ ਰਾਹੀਂ ਸਟੇਸ਼ਨ ਦੇ ਅੰਦਰੂਨੀ ਹਿੱਸਿਆਂ ਦੀ ਲਾਈਵ ਮੋਨੀਟਰਿੰਗ ਕੀਤੀ ਗਈ। ਸਟੇਸ਼ਨ ’ਤੇ ਮੌਜੂਦ ਲੋਕਾਂ ਅਤੇ ਉਨ੍ਹਾਂ ਦੇ ਸਮਾਨ ਦੀ ਵੀ ਜਾਂਚ ਕੀਤੀ ਗਈ। ਪੈਸ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਦੀ ਥਾਣਾ ਰਿਕਾਰਡ ਜਾਂ ਅਪਰਾਧਿਕ ਪਿਛੋਕੜ ਦੀ ਤੁਰੰਤ ਜਾਂਚ ਕੀਤੀ ਗਈ, ਜਦਕਿ ਵਾਹਨ ਐਪ ਰਾਹੀਂ ਪਾਰਕਿੰਗ ’ਚ ਖੜ੍ਹੇ ਪੁਰਾਣੇ ਅਤੇ ਛੱਡੇ ਹੋਏ ਵਾਹਨਾਂ ਦੀ ਰਜਿਸਟਰੇਸ਼ਨ ਜਾਂਚੀ ਗਈ। ਐਂਟੀ-ਸਾਬੋਟਾਜ਼ ਟੀਮ ਵੱਲੋਂ ਰੇਲਵੇ ਪਲੇਟਫਾਰਮ, ਵੇਟਿੰਗ ਹਾਲ, ਟਿਕਟ ਘਰ, ਪਾਰਕਿੰਗ ਅਤੇ ਹੋਰ ਹਾਈ ਸੁਰੱਖਿਆ ਇਲਾਕਿਆਂ ਵਿੱਚ ਪਏ ਹਰ ਲਵਾਰਿਸ ਆਈਟਮ ਜਾਂ ਬੈਗ ਦੀ ਡਿਟੇਲ ਜਾਂਚ ਕੀਤੀ ਗਈ। ਸਟੇਸ਼ਨ ਤੇ ਬੈਠੇ ਹੋਏ ਲੋਕਾਂ ਦੀ ਪੁੱਛਗਿੱਛ ਕੀਤੀ ਗਈ। ਐੱਸ.ਐੱਸ.ਪੀ ਨੇ ਕਿਹਾ, ਭਵਿੱਖ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਓਪਰੇਸ਼ਨ ਕੀਤੇ ਜਾਣਗੇ। ਜਨਤਕ ਥਾਵਾਂ ਉੱਤੇ ਨਸ਼ਾ ਮਾਫੀਆ ਜਾਂ ਕ੍ਰਿਮਿਨਲ ਐਲੀਮੈਂਟ ਲਈ ਕੋਈ ਥਾਂ ਨਹੀਂ। ਅਜਿਹੇ ਸ਼ਰਾਰਤੀ ਅਨਸਰ ਜੋ ਕਾਨੂੰਨ ਦੀ ਉਲੰਘਣਾ ਕਰਨਗੇ, ਉਨ੍ਹਾਂ ਵਿਰੁੱਧ ਸਖ਼ਤ ਕਦਮ ਚੁੱਕੇ ਜਾਣਗੇ।”ਐੱਸ.ਐੱਸ.ਪੀ ਨੇ ਕਿਹਾ ਕਿ ਨਾਗਰਿਕਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ- ਜਦੋਂ ਲੋਕ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਹਨ, ਤਦੋਂ ਸਮਾਜ ‘ਚ ਅਸਲ ਤਬਦੀਲੀ ਆਉਂਦੀ ਹੈ। ਜਨਤਕ ਸਥਾਨਾਂ ਦੀ ਸੁਰੱਖਿਆ ਬਣਾਈ ਰੱਖਣ, ਨਸ਼ਾ ਮਾਫੀਆ ਨੂੰ ਜੜ੍ਹ ਤੋਂ ਖਤਮ ਕਰਨ ਅਤੇ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਕੋਲ ਨਸ਼ਾ, ਹਥਿਆਰ ਜਾਂ ਹੋਰ ਗੈਰਕਾਨੂੰਨੀ ਗਤੀਵਿਧੀਆਂ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।






