ਅਧਿਆਪਕ ਦਿਵਸ ਤੇ ਵਿਸ਼ੇਸ

Spread the love

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥

ਗੁਰੁ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆ ਅਨੁਸਾਰ ਜੇਕਰ ਇਸ ਧਰਤੀ ਉਪਰ ਸੌ ਚੰਦ ਅਤੇ ਹਜ਼ਾਰਾ ਸੂਰਜ ਵੀ ਧਰਤੀ ਤੇ ਚੜ੍ਹ ਜਾਣ ਫੇਰ ਵੀ ਗੁਰੁ ਤੋਂ ਬਿਨਾ ਹਨੇਰਾ ਹੀ ਹੁੰਦਾ ਹੈ।ਭਗਤ ਕਬੀਰ ਜੀ ਵੀ ਇਹ ਆਖਦੇ ਹਨ ਕਿ ਗੁਰੁ ਦਾ ਦਰਜ਼ਾ ਪ੍ਰਮਾਤਮਾ ਤੌਂ ਵੀ ਉੱਪਰ ਹੈ।
ਆਮ ਅਧਿਆਪਕ ਬੋਲਦਾ ਹੈ, ਚੰਗਾ ਅਧਿਆਪਕ ਵਿਸਥਾਰ ਨਾਲ ਦਸਦਾ ਹੈ, ਬਹੁਤ ਵਧੀਆ ਅਧਿਆਪਕ ਕਰ ਕੇ ਦਿਖਾਉਂਦਾ ਹੈ ਤੇ ਮਹਾਨ ਅਧਿਆਪਕ ਉਤਸ਼ਾਹਿਤ ਕਰਦਾ ਹੈ।ਸੰਸਾਰ ਵਿੱਚ ਹਰ ਪੇਸ਼ਾ ਮਹੱਤਵਪੂਰਨ ਹੈ, ਪਰ ਅਧਿਆਪਕ ਦਾ ਪੇਸ਼ਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਅਧਿਆਪਕ ਉਹ ਹਸਤੀ ਹੈ ਜੋ ਵਿਦਿਆਰਥੀਆਂ ਦੇ ਜੀਵਨ ਦਾ ਸਿਰਫ਼ ਅਕਾਦਮਿਕ ਹੀ ਨਹੀਂ, ਸਗੋਂ ਨੈਤਿਕ ਅਤੇ ਸਮਾਜਿਕ ਵਿਕਾਸ ਵੀ ਕਰਦਾ ਹੈ। ਇਸ ਲਈ ਅਧਿਆਪਕ ਨੂੰ “ਰਾਸ਼ਟਰ ਨਿਰਮਾਤਾ” ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਹੈ, ਜੋ ਕਿ ਮਹਾਨ ਦਰਸ਼ਨਸ਼ਾਸਤਰੀ, ਸਿੱਖਿਆਸ਼ਾਸ਼ਤਰੀ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਰਹੇ ਹਨ।
ਅਧਿਆਪਕ ਹੀ ਹੁੰਦੇ ਹਨ, ਜੋ ਬੱਚੇ ਨੂੰ ਸਹੀ ਅਤੇ ਗਲਤ ਦੀ ਪਹਿਚਾਣ ਕਰਵਾਉਂਦੇ ਹਨ । ਸਿੱਖਿਅਕ ਢਾਂਚੇ ਵਿੱਚ ਅਧਿਆਪਕ ਨੂੰ ਪੂਰੇ ਢਾਂਚੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਚੰਗੇ ਅਤੇ ਆਪਣੇ ਪੇਸ਼ੇ ਦੇ ਪ੍ਰਤੀ ਸਮਰਪਿਤ ਅਧਿਆਪਕਾਂ ਤੋਂ ਬਿਨ੍ਹਾਂ ਕਦੇ ਵੀ ਸਿੱਖਿਅਕ ਢਾਂਚਾ ਸਫਲਤਾ ਪੂਰਵਕ ਨਹੀਂ ਚੱਲ ਸਕਦਾ। ਸਭ ਤੋਂ ਪਹਿਲਾਂ ਅਧਿਆਪਕ ਦਾ ਸੰਬੰਧ ਵਿਦਿਆਰਥੀ ਨਾਲ ਹੁੰਦਾ ਹੈ। ਇਹ ਉਸਦਾ ਕੱਚਾ ਮਾਲ ਹੈ ਅਤੇ ਵਿਦਿਆਰਥੀ ਹੀ ਉਸਦਾ ਅਖੀਰਲਾ ਉਤਪਾਦਨ ।ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਯੂਨੀਵਰਸਿਟੀ ਦੀ ਸਿੱਖਿਆ ਤੱਕ ਦੀ ਵਿੱਦਿਆ ਵਿੱਚ ਅਧਿਆਪਕ ਹੀ ਉਸ ਨੂੰ ਮੁੱਖ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ। ਉਸਦੀ ਮਾਨਸਿਕ ਤੇ ਸਰੀਰਕ ਵਿਕਾਸ ਦਾ ਜਿੰਮੇਵਾਰ ਅਧਿਆਪਕ ਹੀ ਹੈ। ਅਧਿਆਪਕ ਦੁਆਰਾ ਦਰਸਾਏ ਮਾਰਗ ਤੇ ਚਲਦਿਆਂ ਵਿਦਿਆਰਥੀ ਇੱਕ ਦਿਨ ਸਫਲਤਾ ਦੀ ਮੰਜ਼ਿਲ ਹਾਸਲ ਕਰ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਅਧਿਆਪਕ ਕੋਲੋਂ ਸਿੱਖਿਆ ਪ੍ਰਾਪਤ ਕਰਕੇ ਹੀ ਡਾਕਟਰ, ਵਕੀਲ, ਸਾਇੰਸਦਾਨ, ਇੰਜੀਨੀਅਰ ਅਤੇ ਉੱਚ ਅਧਿਕਾਰੀ ਬਣਦੇ ਹਨ। ਇਹ ਉਹ ਕਿੱਤਾ ਹੈ ਜੋ ਹੋਰ ਕਿੱਤਿਆ ਨੂੰ ਜਨਮ ਦਿੰਦਾ ਹੈ।ਮਨੁੱਖੀ ਸ਼ਖਸ਼ੀਅਤਾਂ ਨੂੰ ਘੜ੍ਹਨ ਤੇ ਸੰਵਾਰਨ ਵਿੱਚ ਅਧਿਆਪਕ ਅਹਿਮ ਕਿਰਦਾਰ ਨਿਭਾਉਦਾ ਹੈ।ਅਧਿਆਪਕ ਹਮੇਸ਼ਾਂ ਆਸ਼ਾਵਾਦੀ ਸੋਚ ਦਾ ਧਾਰਨੀ ਹੋਣਾ ਚਾਹੀਦਾ ਹੈ. ਜਿਸ ਸਦਕਾ ਵਿਦਿਆਰਥੀ ਹਰ ਅਸੰਭਵ ਕਾਰਜ ਨੂੰ ਸੰਭਵ ਬਣਾਉਣ ਵਿੱਚ ਸਫਲ ਹੋਵੇ। ਅਧਿਆਪਕ ਵਿਦਿਆਰਥੀ ਦਾ ਮਨੋਬਲ ਉੱਚਾ ਚੁੱਕਣ ਵਾਲਾ ਉਹ ਸ੍ਰੋਤਾ ਹੋਵੇ ਜਿਹੜਾ ਬਿਨਾ ਤਾੜੀ ਵਜਾਇਆ ਅੱਖਾਂ ਦੀ ਚਮਕ ਨਾਲ ਹੀ ਉਸ ਨੂੰ ਆਤਮਵਿਸ਼ਵਾਸੀ ਬਣਾ ਦੇਵੇ। ਅਧਿਆਪਕ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਸਹਾਈ ਹੋਣ ਦੇ ਨਾਲ-ਨਾਲ ਉਸਨੂੰ ਨੈਤਿਕ ਕਦਰਾਂ ਨਾਲ ਜਾਣੂ ਹੀ ਨਹੀਂ ਕਰਵਾਉਂਦਾ ਸਗੋਂ ਨੈਤਿਕ ਅਤੇ ਵਿਵਹਾਰਿਕ ਹੋਣ ਲਈ ਵੀ ਪ੍ਰੇਰਿਤ ਕਰਦਾ ਹੈ।ਸਮਾਜ ਵਿੱਚ ਵੀ ਅਧਿਆਪਕ ਇੱਕ ਸਤਿਕਾਰਯੋਗ ਵਿਅਕਤੀ ਹੋਣ ਦੇ ਨਾਲ-ਨਾਲ ਬਹੁਤ ਸ਼ਕਤੀਸ਼ਾਲੀ ਪ੍ਰੇਰਨਾਦਾਇਕ ਸਮਰੱਥਾ ਰੱਖਣ ਵਾਲਾ ਹੁੰਦਾ ਹੈ। ਵਿਦਿਆਰਥੀ ਦੇ ਮਾਪਿਆਂ ਨਾਲ ਸਿੱਧੇ ਰੂਪ ਵਿੱਚ ਜੁੜਿਆ ਹੋਣ ਕਰਕੇ, ਜਿੱਥੇ ਉਸਨੇ ਵਿਦਿਆਰਥੀ ਦਾ ਮਨੋਵਿਸ਼ਲੇਸ਼ਣ ਕਰਕੇ ਉਸਨੂੰ ਵਧੀਆ ਇਨਸਾਨ ਬਨਾਉਣ ਲਈ ਆਪ ਹੀ ਯਤਨ ਕਰਦਾ ਹੈ। ਉੱਥੇ ਉਸਦੇ ਪਰਿਵਾਰ ਨੂੰ ਵੀ ਸਕਾਰਾਤਮਕ ਪ੍ਰੇਰਨਾ ਦਿੰਦਾ ਹੈ ਤਾਂ ਕਿ ਪਰਿਵਾਰਿਕ ਗਤੀਵਿਧੀਆਂ ਦੀ ਨਕਾਰਾਤਮਕ ਸੋਚ ਬੱਚੇ ਦੇ ਵਿਕਾਸ ਵਿੱਚ ਰੁਕਾਵਟ ਨਾ ਬਣੇ। ਅਧਿਆਪਕ ਨੇ ਜਿੱਥੇ ਵਿਦਿਆਰਥੀ ਨੂੰ ਆਰਥਿਕ ਤੌਰ ਤੇ ਨਿਰਭਰ ਬਣਨ ਵਿੱਚ ਉਸਦੀ ਮਦਦ ਕਰਨੀ ਹੈ, ਉੱਥੇ ਉਸ ਨੂੰ ਇੱਕ ਪਵਿੱਤਰ ਅਤੇ ਰੋਸ਼ਨੀ ਵਾਲਾ ਜੀਵਨ ਜਿਉਂਣ ਲਈ ਵੀ ਤਿਆਰ ਕਰਨਾ ਹੈ। ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ ਤੇ ਰਹੇਗਾ। ਵਿਦਿਆਰਥੀਆਂ ਨੂੰ ਸਮਾਜ ਦੀ ਵਰਤਮਾਨ, ਰਾਜਨੀਤਿਕ ਤੇ ਆਰਥਿਕ ਹਾਲਤ ਤੋਂ ਜਾਣੂ ਕਰਵਾਉਣਾ ਹੈ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੀਆ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦਾ ਹੈ। ਅਜੋਕੇ ਵਿਦਿਆਰਥੀਆਂ ਨੂੰ ਸੱਚ ਤੇ ਦ੍ਰਿੜਤਾ ਨਾਲ ਖੜਨ ਦੀ ਜਾਚ ਅਧਿਆਪਕ ਹੀ ਸਿਖਾ ਸਕਦਾ ਹੈ।
*ਅਧਿਆਪਕ ਦੀ ਮਹੱਤਤਾ
ਅਫਜ਼ਲ ਰਾਜ ਏਸ਼ੀਆ ਦੇ ਇੱਕ ਮਸ਼ਹੂਰ ਪ੍ਰੋਫੈਸਰ ਨੇ ਲਿਖਿਆ ਹੈ:
ਰੋਮ (ਇਟਲੀ) ਵਿੱਚ ਮੇਰਾ ਚਲਾਨ ਹੋਇਆ ਪਰ ਮਸਰੂਫ਼ ਹੋਣ ਕਾਰਨ ਜੁਰਮਾਨਾ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ ਲਿਹਾਜਾ ਅਦਾਲਤ ਜਾਣਾ ਪੈ ਗਿਆ। ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ। ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਜੱਜ ਬੋਲ ਪਿਆ:-ਇੱਕ ਅਧਿਆਪਕ ਅਦਾਲਤ ਵਿਚ ਮੌਜੂਦ ਹੈ…. ! ਸਾਰੇ ਜਣੇ ਖੜ੍ਹੇ ਹੋ ਗਏ ਤੇ ਮੈਥੋਂ ਮਾਫ਼ੀ ਮੰਗ ਕੇ ਜੁਰਮਾਨਾ ਰੱਦ ਕਰ ਦਿੱਤਾ। ਉਸ ਰੋਜ਼ ਮੈਨੂੰ ਇਸ ਮੁਲਕ ਦੀ ਕਾਮਯਾਬੀ ਦੇ ਰਾਜ ਦਾ ਪਤਾ ਲੱਗਾ। ਅਮਰੀਕਾ ਵਿੱਚ ਸਿਰਫ ਦੋ ਤਰ੍ਹਾਂ ਦੇ ਲੋਕ ਹੀ ਵੀ. ਆਈ. ਪੀ. ਮੰਨੇ ਜਾਂਦੇ ਹਨ: ਸਾਇੰਸਦਾਨ ਅਤੇ ਅਧਿਆਪਕ। ਫਰਾਂਸ ਦੀਆਂ ਅਦਾਲਤਾਂ ਵਿੱਚ ਸਿਰਫ਼ ਅਧਿਆਪਕਾਂ ਨੂੰ ਹੀ ਕੁਰਸੀ ਤੇ ਬੈਠਣ ਦਾ ਹੱਕ ਹਾਸਿਲ ਹੈ। ਜਪਾਨ ਦੀ ਪੁਲਿਸ ਸਰਕਾਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਕਿਸੇ ਅਧਿਆਪਕ ਨੂੰ ਗ੍ਰਿਫਤਾਰ ਕਰ ਸਕਦੀ ਹੈ। ਅਮਰੀਕੀ ਅਤੇ ਯੂਰਪੀ ਦੇਸਾਂ ਵਿਚ ਪ੍ਰਾਈਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਭ ਤੋਂ ਵੱਧ ਉਜ਼ਰਤ ਦਿੱਤੀ ਜਾਂਦੀ ਹੈ ਕਿਉਂਕਿ ਸਿੱਖਿਆ ਦੇ ਮਹਿਲ ਦੀ ਨੀਂਹ ਉਹਨਾਂ ਵੱਲੋਂ ਹੀ ਪੱਕੀ ਕੀਤੀ ਜਾਣੀ ਹੁੰਦੀ ਹੈ। ਬੱਚੇ ਆਪਣੇ ਮਾਪਿਆਂ ਨਾਲੋਂ ਵੱਧ ਅਧਿਆਪਕਾਂ ਦੇ ਆਖੇ ਲਗਦੇ ਹਨ। ਅਧਿਆਪਕਾਂ ਦੀ ਮਹੱਤਤਾ ਹਰੇਕ ਯੁੱਗ ਵਿਚ ਹੀ ਰਹੀ ਹੈ। ਚੰਗੇ ਸਮਾਜ ਦੀ ਸਿਰਜਣਾ ਇਹੀ ਕਰਦੇ ਹਨ। ਵਿਦਿਆਰਥੀ ਕਿਸੇ ਵੀ ਅਹੁਦੇ ਤੇ ਪਹੁੰਚ ਜਾਣ ਫਿਰ ਵੀ ਅਧਿਆਪਕਾਂ ਦਾ ਸਤਿਕਾਰ ਤੇ ਮਾਣ ਕਰਦੇ ਹਨ।
ਜਾਰਡਨ ਦਾ ਰਾਜ ਕੁਮਾਰ ਨਿਯਮ ਤੋੜ ਕੇ ਭਾਰਤ ਦੇ ਰਾਸ਼ਟਰਪਤੀ ਨੂੰ 1994 ਵਿੱਚ ਜਹਾਜ਼ ਵਿੱਚ ਜਾ ਕੇ ਬਾਹਰ ਲਿਆਉਂਦਾ ਹੈ ਤੇ ਉਸ ਦੀ ਗੱਡੀ ਆਪ ਚਲਾ ਕੇ ਲਿਜਾਂਦਾ ਹੈ ਉਨ੍ਹਾਂ ਦਾ ਅਸੂਲ ਹੈ ਕਿ ਜਾਰਡਨ ਦਾ ਮੁਖੀ ਕਦੇ ਕਿਸੇ ਵੀ. ਆਈ. ਪੀ. ਨੂੰ ਏਅਰਪੋਰਟ ‘ਤੇ ਲੈਣ ਨਹੀਂ ਜਾਂਦਾ। ਪੁੱਛਣ ਤੇ ਜਵਾਬ ਸੀ ਕਿ ਰਾਸ਼ਟਰਪਤੀ ਲਈ ਨਹੀਂ ਨਿਯਮ ਤੋੜਿਆ ਸਗੋਂ ਆਪਣੇ ਅਧਿਆਪਕ ਲਈ ਪਿਆਰ ਹੈ। ਉਹ ਭਾਰਤ ਸ਼ੰਕਰ ਦਿਆਲ ਸ਼ਰਮਾ ਸਾਹਿਬ ਦੇ ਕੋਲੋਂ ਪੜ੍ਹਦਾ ਰਿਹਾ ਸੀ।
*ਅਧਿਆਪਕ ਦੇ ਗੁਣ-
ਅਬਰਾਹਿਮ ਲੰਿਕਨ ਨੇ ਕਿਹਾ ਸੀ ਕਿ ਅਗਰ ਮੇਰੇ ਕੋਲ 6 ਘੰਟੇ ਰੁੱਖ ਕੱਟਣ ਲਈ ਹਨ ਤਾਂ ਮੈਂ ਪਹਿਲੇ 4 ਘੰਟੇ ਕੁਹਾੜੀ ਨੂੰ ਤੇਜ ਕਰਨ ਵਿਚ ਲਾਵਾਂਗਾ। ਇਸ ਕਿਤੇ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਇਸ਼ਾਰਾ ਹੀ ਕਾਫੀ ਹੈ ਕਿ ਚੰਗੇ ਅਧਿਆਪਨ ਲਈ ਤਿਆਰੀ ਦੀ ਲੋੜ ਹੈ। ਅਧਿਆਪਕ ਨੂੰ ਆਪਣੇ ਵਿਸ਼ੇ ਦਾ ਪੂਰਾ ਗਿਆਨ, ਵਧੀਆ ਬੁਲਾਰਾ ਤੇ ਵਿਦਿਆਰਥੀਆਂ ਨਾਲ ਚੰਗੇ ਸਬੰਧ ਹੋਣੇ ਜ਼ਰੂਰੀ ਹਨ। ਨੈਤਿਕ ਕਦਰਾਂ-ਕੀਮਤਾਂ ਤੋਂ ਖੁਦ ਵਾਕਿਫ ਹੋਵੇ ਤੇ ਵਿਦਿਆਰਥੀਆਂ ਵਿੱਚ ਇਹ ਗੁਣ ਉਜਾਗਰ ਕਰਨ ਦੇ ਉਪਰਾਲੇ ਕਰਦਾ ਰਹੇ। ਆਮ ਅਧਿਆਪਕ ਬੋਲਦਾ ਹੈ, ਚੰਗਾ ਅਧਿਆਪਕ ਵਿਸਥਾਰ ਨਾਲ ਦਸਦਾ ਹੈ, ਬਹੁਤ ਵਧੀਆ ਅਧਿਆਪਕ ਕਰ ਕੇ ਦਿਖਾਉਂਦਾ ਹੈ ਤੇ ਮਹਾਨ ਅਧਿਆਪਕ ਉਤਸ਼ਾਹਿਤ ਕਰਦਾ ਹੈ।
ਚੰਗਾ ਅਧਿਆਪਕ ਇੱਕ ਕਲਾਕਾਰ ਵਰਗਾ ਹੁੰਦਾ ਹੈ ਜੋ ਪਹਿਲਾਂ ਬੱਚਿਆਂ ਦਾ ਧਿਆਨ ਆਪਣੇ ਵੱਲ ਕਰਾਉਂਦਾ ਹੈ ਤੇ ਫਿਰ ਸਬਕ ਦਿੰਦਾ ਹੈ। ਅਧਿਆਪਕ ਵਧੀਆ ਕਹਾਣੀ ਸੁਨਾਉਣ ਵਾਲਾ ਹੋਣਾ ਚਾਹੀਦਾ ਹੈ। ਬੱਚੇ ਨੂੰ ਜਮਾਤ ਦੇ ਅੱਗੇ ਖੜਾ ਕਰਕੇ ਉਸ ਦੀ ਤਾਰੀਫ ਕਰਨੀ ਤੇ ਬੱਚੇ ਨੂੰ ਬੋਲਣ ਦਾ ਮੌਕਾ ਦੇਣਾ, ਬੱਚੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਦਾ ਹੈ। ਇਸ ਨਾਲ ਬੱਚੇ ਦੇ ਬਾਕੀਆਂ ਨਾਲ ਚੰਗੇ ਸਬੰਧ ਬਣਦੇ ਹਨ ਤੇ ਵਧੀਆ ਗੱਲਬਾਤ ਕਰਨ ਦਾ ਢੰਗ ਆਉਂਦਾ ਹੈ। ਹਰੇਕ ਬੱਚੇ ਨੂੰ ਸਾਰੇ ਜਮਾਤੀਆਂ ਬਾਰੇ ਚੰਗਾ ਬੋਲਣ ਤੇ ਚੰਗਾ ਲਿਖਣ ਨੂੰ ਆਖਿਆ ਜਾਵੇ। ਜਮਾਤ ਵਿੱਚ ਚੰਗਾ ਅਸਰ ਪਵੇਗਾ। ਹਰੇਕ ਅਧਿਆਪਕ ਨੂੰ ਆਪਣੀ ਨਿੱਜੀ ਲਾਇਬਰੇਰੀ ਬਨਾਉਣੀ ਚਾਹੀਦੀ ਹੈ। ਲਾਇਬਰੇਰੀ ਇੱਕ ਅਲਮਾਰੀ ਤੋਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ।
ਅਖੀਰ ਵਿੱਚ ਦੋ ਸਤਰਾਂ ਅਧਿਆਪਕਾ ਲਈ :-
ਰੋਸ਼ਨੀਆਂ ਦੇ ਵਾਰਿਸ ਜੋ, ਹਨੇਰੇ ਜਿਨ੍ਹਾਂ ਤੋਂ ਡਰਦੇ ਨੇ,
ਅਧਿਆਪਕ ਦਿਵਸ ਮੁਬਾਰਕ ਉਹਨਾ ਨੂੰ, ਜੋ ਖੁਦ ਦੀਵਾ ਬਣ ਬਲਦੇ ਨੇ।
ਸ. ਵਤਨ ਸਿੰਘ ਸੰਧੂ
ਪੰਜਾਬੀ ਮਾਸਟਰ, ਅਬੋਹਰ
+91 79867 86079
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *