ਮਾਲੇਰਕੋਟਲਾ 17 ਅਪ੍ਰੈਲ (ਬੋਪਾਰਾਏ) ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਵੈਕਟਰ ਬੌਰਨ ਕੰਟਰੋਲ ਪ੍ਰੋਗਰਾਮ ਵਿੰਗ ਦੇ ਇੰਚਾਰਜ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮ ਵੱਲੋਂ ਅਯਾਨ ਕਾਲਜ ਆਫ਼ ਨਰਸਿੰਗ ਭੋਗੀਵਾਲ ਵਿਖ਼ੇ ਵਿਦਿਆਰਥੀਆਂ ਨੂੰ ਡੇਂਗੂ ਦੀ ਰੋਕਥਾਮ, ਬਚਾਅ ਤੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ| ਇਸ ਮੌਕੇ ਡਾ. ਮੁਨੀਰ ਮੁਹੰਮਦ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁਕਰਵਾਰ ਡਰਾਈ ਡੇ ਫਰਾਈ ਡੇ ਮਨਾਇਆ ਜਾਂਦਾ ਹੈ ਜਿਸ ਤਹਿਤ ਸਾਰੇ ਹੀ ਲੋਕਾਂ ਨੂੰ ਆਪਣੇ ਕੂਲਰਾਂ, ਹੌਦੀਆਂ, ਫਰਿੱਜਾਂ ਦੇ ਪਿੱਛੇ ਲੱਗੇ ਢੱਕਣ ਜਾਂ ਹੋਰ ਭਾਂਡੇ ਜਿਹਨਾਂ ਵਿੱਚ ਪਾਣੀ ਸਟੋਰ ਕੀਤਾ ਜਾਂਦਾ ਹੈ ਨੂੰ ਖਾਲੀ ਕਰਕੇ ਸਾਫ ਕਰਨ ਉਪਰੰਤ ਸੁਕਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਡੇਂਗੂ ਬੁਖਾਰ ਦਾ ਕਾਰਨ ਬਣਨ ਵਾਲੇ ਮੱਛਰ ਦਾ ਖਾਤਮਾ ਕੀਤਾ ਜਾ ਸਕੇ | ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾ ਦੇ ਲਈ ਮੱਛਰ ਦੇ ਕੱਟਣ ਤੋਂ ਬਚਾ ਅਤੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਉਪਰਾਲੇ ਜਰੂਰੀ ਹਨ | ਡਾ. ਮੁਨੀਰ ਮੁਹੰਮਦ ਨੇ ਅੱਗੇ ਕਿਹਾ ਜਿੱਥੇ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਪੂਰੀ ਸਫਾਈ ਰੱਖੀ ਜਾਵੇ ਉੱਥੇ ਹੀ ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੇ ਜਾਣ ਤੇ ਮੱਛਰ ਦੇ ਕੱਟਣ ਤੋਂ ਰੋਕਣ ਵਾਲੀਆਂ ਵਧੀਆ ਕਰੀਮ ਤੇਲ ਜਾਂ ਮੱਛਰ ਭਜਾਉਣ ਵਾਲੇ ਕੁਆਇਲਜ ਦੀ ਵਰਤੋਂ ਕੀਤੀ ਜਾਵੇ, ਉਹਨਾਂ ਅੱਗੇ ਕਿਹਾ ਕਿ ਜਿਹੜੇ ਲੋਕ ਘਰ ਤੋਂ ਬਾਹਰ ਖੁੱਲੇ ਅਸਮਾਨ ਹੇਠ ਸੌਂਦੇ ਹਨ ਉਹਨਾਂ ਨੂੰ ਮੱਛਰਦਾਨੀ ਲਗਾਉਣੀ ਬਹੁਤ ਜਰੂਰੀ ਹੈ ਅਤੇ ਫਿਰ ਵੀ ਜੇਕਰ ਤੇਜ ਬੁਖਾਰ ਹੁੰਦਾ ਹੈ ਤਾਂ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਡੇਂਗੂ ਦੀ ਪਛਾਣ ਕਰਨ ਵਾਲਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ | ਉਹਨਾਂ ਦੱਸਿਆ ਕਿ ਡੇਂਗੂ ਦਾ ਟੈਸਟ ਤੇ ਇਲਾਜ ਸਾਰੇ ਹੀ ਜਿਲਾ ਹਸਪਤਾਲਾਂ ਦੇ ਵਿੱਚ ਬਿਲਕੁਲ ਮੁਫਤ ਹੁੰਦਾ ਹੈ | ਇਸ ਸੈਮੀਨਾਰ ਨੂੰ ਕਾਲਜ ਦੇ ਪ੍ਰਿੰਸੀਪਲ ਜਸਪ੍ਰੀਤ ਕੌਰ ਅਤੇ ਰਜੇਸ਼ ਰਿਖੀ ਵੱਲੋਂ ਵੀ ਸੰਬੋਧਨ ਕੀਤਾ ਗਿਆ ਇਸ ਮੌਕੇ ਐਨਵੀਬੀਡੀਸੀਪੀ ਸਹਾਇਕ ਮੁਹੰਮਦ ਰਾਸ਼ਿਦ,ਕਾਲਜ ਦੇ ਪ੍ਰਬੰਧਕ ਮੈਡਮ ਪ੍ਰਵੀਨ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ








