ਫੱਤੂਢੀਂਗਾ : 31 ਜੁਲਾਈ ਅਮਨਦੀਪ ਜਿਲਾ ਫਿਰੋਜਪੁਰ ਦੇ ਪਿੰਡ ਕੈਲਾਸ਼ ਵਿਖੇ ਆਲ ਓਪਨ ਪਿੰਡ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ 4 ਖਿਡਾਰੀ ਬਾਹਰੋਂ ਅਤੇ ਕੁੱਲ 40 ਨਾਮਵਰ ਕਬੱਡੀ ਟੀਮਾਂ ਨੇ ਭਾਗ ਲਿਆ। ਇਸ ਮੌਕੇ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਵੱਖ ਵੱਖ ਕਬੱਡੀ ਟੀਮਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਤੇ 2 ਟੀਮਾਂ ਕਬੱਡੀ ਟੀਮ ਬੁੱਟਰਾਂ ਅਤੇ ਜੋਗੇਵਾਲ ਫਾਈਨਲ ਵਿੱਚ ਪਹੁੰਚੀਆਂ। ਦੋਵਾਂ ਟੀਮਾਂ ਦੇ ਵਿਚਕਾਰ ਪੂਰਾ ਮੁਕਾਬਲਾ ਫਸਵਾਂ ਤੇ ਰੌਮਾਂਚਕ ਰਿਹਾ। ਕਬੱਡੀ ਟੀਮ ਬੁੱਟਰਾਂ ਦੇ ਖਿਡਾਰੀ ਸਤਨਾਮ ਸੱਤੂ ਸੁਰਖਪੁਰੀਆ, ਰੋਮੀ ਲੋਹਾਰੇ ਵਾਲਾ, ਗੋਰਾ ਬੁੱਟਰ, ਸੁੱਖਾ ਬੁੱਟਰ , ਰਮਜਾਨ ਅਲੀ ਸਮੇਤ ਹੋਰਨਾਂ ਖਿਡਾਰੀਆਂ ਨੇ ਪੂਰੇ ਜੋਰਾਂ ਨਾਲ ਖੇਡ ਨੂੰ ਖੇਡਿਆ ਪਰ ਅੰਤ ’ਚ ਜੋਗੇਵਾਲ ਦੀ ਟੀਮ 15 ਅੰਕ ਲੈ ਕੇ ਪਹਿਲੇ ਸਥਾਨ ਅਤੇ ਬੁੱਟਰਾਂ ਦੀ ਟੀਮ ਸਾਢੇ 11 ਨੰਬਰ ਲੈ ਕੇ ਦੂਜੇ ਸਥਾਨ ’ਤੇ ਰਹੀ। ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਜੋਗੇਵਾਲ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਜੀ ਟੀਮ ਬੁੱਟਰਾਂ ਨੂੰ 75 ਹਜਾਰ ਦੀ ਇਨਾਮੀ ਰਾਸ਼ੀ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ। ਟੂਰਨਾਮੈਂਟ ਤੋਂ ਬਾਅਦ ਸਤਨਾਮ ਸੱਤੂ ਸੁਰਖਪੁਰੀਆ ਨੇ ਕਿਹਾ ਕਿ ਆਪਣੀ ਟੀਮ ਦੇ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੰਦਿਆ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡ ਖੇਤਰ ਹੀ ਇੱਕ ਅਜਿਹਾ ਖੇਤਰ ਹੈ ਜੋ ਸਾਡੀ ਜ਼ਿੰਦਗੀ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਸਕਦਾ ਹੈ। ਸੋ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਸਵਾਰਨ ਲਈ ਖੇਡਾਂ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ।






