ਕਪੂਰਥਲਾ, 4 ਅਗਸਤ ( ਕੌੜਾ) – ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਸੈਦੋ ਭੁਲਾਣਾ ਵਿਖੇ ਕਾਂਗਰਸੀ ਵਰਕਰਾਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਆਖਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਕੇ ਸੱਤਾ ਵਿਚ ਆਵੇਗੀ। ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਪੰਜਾਬ ਵਿੱਚ ਸਮੇਂ-ਸਮੇਂ ਤੇ ਆਈਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਹਿੱਤ ਵਿੱਚ ਲਏ ਗਏ ਅਹਿਮ ਫੈਸਲਿਆਂ ਕਾਰਨ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਨਾਲ ਜਿਤਾ ਕੇ ਪੰਜਾਬ ਦੀ ਮੁੜ ਵਾਗਡੋਰ ਸੌਂਪੀ ਜਾਵੇ ਤਾਂ ਜੋ ਕਰਜ਼ੇ ਵਿੱਚ ਡੁੱਬੇ ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਅਤੇ ਲੱਕ ਤੋੜਵੀ ਮਹਿੰਗਾਈ ਤੋਂ ਜਨਤਾ ਨੂੰ ਰਾਹਤ ਦਿਵਾਈ ਜਾਵੇ। ਉਹਨਾਂ ਆਖਿਆ ਕਿ ” ਆਪ ” ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾ, ਵਪਾਰੀਆਂ ਅਤੇ ਉਦਯੋਗਪਤੀਆਂ ਨਾਲ਼ ਚੋਣਾਂ ਮੌਕੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਪੰਜਾਬ ਦੀ ਜਨਤਾ ਦੇ ਮਨ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਮੀਟਿੰਗ ਦੌਰਾਨ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਖਿਆ ਕਿ ” ਆਪ ” ਸਰਕਾਰ ਨੇ ਰੋਜ਼ਗਾਰ ਦੇ ਨਾਂ ਉਤੇ ਪੜ੍ਹੇ – ਲਿਖੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ, ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲੈ ਕੇ ਰੋਜ਼ਗਾਰ ਦੀ ਭਾਲ ਵਿੱਚ ਥਾਂ ਥਾਂ ਰੋਸ ਮੁਜਾਹਰੇ ਕਰ ਰਹੇ ਹਨ । ਮੁਲਾਜ਼ਮ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਰੋਜ਼ ਧਰਨੇ ਲਗਾ ਰਹੇ ਹਨ। ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ, ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨਾਂ ਨਹੀਂ ਮਿਲ਼ ਰਹੀਆਂ। ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਤਿੰਨ ਸਾਲ ਬੀਤਣ ਦੇ ਬਾਅਦ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਆਖਿਆ ਕਿ ਸਕੂਲਾਂ ਵਿੱਚ ਅਧਿਆਪਕ ਅਤੇ ਪ੍ਰਿੰਸੀਪਲ ਪੂਰੇ ਨਹੀਂ ਹਨ, ਥਾਣਿਆਂ ਵਿੱਚ ਪੁਲਿਸ ਮੁਲਾਜ਼ਮ ਪੂਰੇ ਨਹੀਂ ਹਨ ਵੱਖ ਵੱਖ ਸਰਕਾਰੀ ਦਫਤਰਾਂ ਵਿੱਚ ਵੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਘਾਟ ਆਮ ਵੇਖੀ ਜਾ ਸਕਦੀ ਹੈ। ਜਿਸ ਕਾਰਨ ਜਨਤਾ ਆਪਣੇ ਕੰਮਕਾਰਾਂ ਨੂੰ ਲੈ ਕੇ ਦਫਤਰਾਂ ਵਿੱਚ ਖੱਜਲ ਖੁਆਰ ਹੋ ਰਹੀ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਨੇ ਕਿਸਾਨਾਂ ਦੀਆਂ ਚਿੰਤਾਂਵਾਂ ਵਧਾ ਦਿੱਤੀਆਂ ਹਨ, ਜਿਸ ਨੂੰ ਕਾਂਗਰਸ ਦੀ ਸਰਕਾਰ ਆਉਂਦਿਆਂ ਸਾਰ ਹੀ ਤੁਰੰਤ ਰੱਦ ਕੀਤਾ ਜਾਵੇਗਾ।
ਉਕਤ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਕਪੂਰਥਲਾ ਦੇ ਸਾਬਕਾ ਜਿਲਾ ਪ੍ਰਧਾਨ ਰਮੇਸ਼ ਡਡਵਿੰਡੀ ਨੇ ਵੀ ਸੰਬੋਧਨ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਬਾਰੇ ਜਾਣੂੰ ਕਰਵਾਇਆ। ਪਿੰਡ ਸੈਦੋ ਭੁਲਾਣਾ ਵਿਖੇ ਆਯੋਜਿਤ ਮੀਟਿੰਗ ਦੌਰਾਨ
ਜਸਪਾਲ ਸਿੰਘ ਜੱਸਾ ਭਲਵਾਨ, ਨਰਿੰਦਰ ਮੈਂਬਰ, ਸੁਰਿੰਦਰ ਕੁਮਾਰ ਅਮਰੀਕ ਨਗਰ, ਸ਼ਿਵਚਰਨ ਅਮਰੀਕ ਨਗਰ, ਜਸਵੀਰ ਬਾਜਵਾ, ਮੁਖਵਿੰਦਰ ਬੱਬੂ, ਜਗਦੀਪ ਸਿੰਘ ਸਰਪੰਚ, ਅਸ਼ੋਕ ਕੁਮਾਰ, ਗੁਰਮੁਖ ਸਿੰਘ ਧੀਮਾਨ, ਸੁਖਦੇਵ ਸਿੰਘ, ਲੱਖਾ , ਇੰਦਰਜੀਤ ਗੁਪਤਾ, ਅਮਿਤ ਕੁਮਾਰ, ਨਿਰਵੈਰ ਸਿੰਘ ਤੀਰਥ ਸ਼ਾਹ ,ਨਰਿੰਦਰ ਪੰਨੂੰ ਬਲਾਕ ਪ੍ਰਧਾਨ ਸ਼ਹਿਰੀ, ਜਗਪਾਲ ਸਿੰਘ ਚੀਮਾ ਸਾਬਕਾ ਵਾ. ਪ੍ਰਧਾਨ ਨਗਰ ਕੌਂਸਲ ,ਜਸਕਰਨ ਸਿੰਘ ਚੀਮਾ, ਬਲਜਿੰਦਰ ਸਿੰਘ ਪੀ.ਏ. ਹਰਮਨ ਸਿੰਘ ਆਦਿ ਹਾਜ਼ਰ ਸਨ।





