ਬੁੰਗਾ ਸਾਹਿਬ 1 ਸਤੰਬਰ ਭਾਰਦਵਾਜ ਲਗਾਤਾਰ ਪੈ ਰਹੇ ਮੀਹ ਨਾਲ ਨੂਰਪੁਰ ਬੇਦੀ ਦੇ ਕਈ ਹਿੱਸਿਆਂ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਹਨ। ਸਤਲੁਜ ਦਰਿਆ ਨਾਲ ਲੱਗਦੇ ਦਰਜਨ ਪਿੰਡ ਪਾਣੀ ਦੀ ਲਪੇਟ ਵਿੱਚ ਹਨ। ਉਨਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਚਾਰ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਅਤੇ ਐਸਐਸਪੀ ਰੂਪਨਗਰ ਗੁਰਨੀਤ ਸਿੰਘ ਖੁਰਾਨਾ ਪੂਰਾ ਪ੍ਰਸ਼ਾਸਨ ਐਨਡੀਆਰਐਫ ਟੀਮਾਂ ਸਮੇਤ ਹੜ ਮਾਰੇ ਇਲਾਕਿਆਂ ਵਿੱਚ ਪਹੁੰਚ ਕੇ ਬੱਚਾਓ ਕਾਰਜਾਂ ਵਿੱਚ ਜੁੱਟ ਗਏ ਹਨ। ਸਥਿਤੀ ਨੂੰ ਦੇਖਦਿਆਂ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਖੁਦ ਮੋਰਚਾ ਸੰਭਾਲਦਿਆਂ ਤੇ ਲੋਕਾਂ ਦੀ ਸੁਰੱਖਿਆ ਲਈ ਮੌਕੇ ਦਾ ਜਾਇਜ਼ਾ ਲਿਆ। ਉਹਨਾ ਸ਼ਾਹਪੁਰ ਬੇਲਾ ਤੇ ਸਰਾਂ ਪਿੰਡਾਂ ਵਿੱਚ ਪਹੁੰਚ ਕੇ ਪ੍ਰਸ਼ਾਸਨਿਕ ਟੀਮਾਂ ਨਾਲ ਰਾਹਤ ਕਾਰਜ ਸ਼ੁਰੂ ਕਰਵਾਏ। ਲੋਕਾਂ ਨੂੰ ਸੁਰੱਖਿਆ ਦੇ ਮੁੱਦੇ ਨਜ਼ਰ ਜਾਨ ਬਚਾਓ ਰਿਲੀਫ ਜਾਕਟਾਂ ਪ੍ਰਦਾਨ ਕੀਤੀਆਂ। ਐਨਡੀਆਰ ਐਫ ਟੀਮ ਨੇ ਪਾਣੀ ਵਿੱਚ ਘਿਰੇ ਕੁਝ ਪਰਿਵਾਰਾਂ ਨੂੰ ਪਿੰਡਾਂ ਵਿੱਚੋਂ ਕੱਢ ਕੇ ਸੁਰੱਖਿਅਂਤ ਥਾਵਾਂ ਤੇ ਪਹੁੰਚਾਇਆ। ਅਬਿਆਣਾ ਵਿਚ ਵਿਧਾਇਕ ਚੱਢਾ ਦੀ ਹਦਾਇਤ ਤੇ ਐਨਡੀਆਰਐਫ ਟੀਮ ਨੇ ਪਾਣੀ ਵਿੱਚ ਘਿਰੇ 10 ਘਰਾਂ ਦੇ ਮੈਂਬਰਾਂ ਨੂੰ ਸੁਰੱਖਿਆਤ ਥਾਂ ਤੇ ਪਹੁੰਚਾਇਆ। ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਤੇ ਉਹਨਾਂ ਦੀ ਟੀਮ ਐਸਵਾਈਐਲ ਨਹਿਰ ਤੇ ਪਏ ਪਾੜ ਵਾਲੀ ਥਾਂ ਤੇ ਬਚਾਓ ਕਾਰਜਾਂ ਵਿੱਚ ਜੁਟ ਗਈ ਹੈ। ਹੜਾਂ ਸਬੰਧੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਹੜਾਂ ਨੂੰ ਲੈ ਕੇ ਪੂਰਾ ਪ੍ਰਸ਼ਾਸਨ ਪੂਰੀ ਤਰਹਾਂ ਮੁਸਤੈਦ ਹੈ, ਭਾਖੜਾ ਡੈਮ ਵਿਚ ਪਾਣੀ ਹਾਲੇ ਵੀ ਪੰਜ ਜਾਂ ਸਾਢੇ ਪੰਜ ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਸਥਿਤੀ ਕੰਟਰੋਲ ਹੇਠ ਹੈ। ਉਨਾਂ ਮੰਨਿਆ ਹੈ ਕਿ ਸਤਲੁਜ ਦਰਿਆ ਵਿੱਚ ਪਾਣੀ ਜਿਆਦਾ ਹੈ 70 ਤੋਂ 80 ਹਜਾਰ ਕਿਊਸਿਕ ਹੈ। ਜਿਸ ਨਾਲ ਕਈ ਪਿੰਡ ਦਰਿਆਵਾਂ ਦੀ ਮਾਰ ਹੇਠ ਆ ਗਏ ਹਨ, ਜਿੱਥੇ ਬਚਾਓ ਕਾਰਜ ਤੇਜ਼ ਕੀਤੇ ਗਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵਾ ਨਦੀ ਅਤੇ ਦਰਿਆ ਦੇ ਕੰਢਿਆਂ ਤੇ ਨਾ ਜਾਣ। ਉਹਨਾਂ ਕਿਹਾ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਗਿਆ ਤਾਂ ਉਹ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਆ ਥਾਂ ਤੇ ਲਜਾਉਣ ਦੇ ਹੁਕਮ ਜਾਰੀ ਕਰਨਗੇ।






