ਇੱਕ ਵਾਰ ਅਮਰੀਕਾ ਦੀ ਬੇਹਦ ਸੁੰਦਰ ਔਰਤ ਲੀਮੀਆ ਦਾ ਵਿਆਹ ਇੱਕ ਸਿੱਧੇ ਸਾਧੇ ਵਿਅਕਤੀ ਨਾਲ ਹੋਇਆ। ਉਮਰਾਂ ਦਾ ਪੈਂਡਾ ਕੱਟਦੇ ਹੋਏ ਉਹ ਆਪਣੇ ਜੀਵਨ ਦੇ ਅਖੀਰਲੇ ਦੌਰ ਵਿੱਚ ਪਹੁੰਚ ਗਏ । ਇੱਕ ਵਾਰ ਉਸ ਦੇ ਗੁਆਂਡ ਵਿੱਚ ਰਹਿਣ ਵਾਲੀ ਇੱਕ ਔਰਤ ਉਸਦੇ ਘਰ ਆਈ। ਆਪਸ ਵਿੱਚ ਉਹਨਾਂ ਦੀਆਂ ਗੱਲਾਂ ਹੋਈਆਂ। ਗੱਲਾਂ ਕਰਦੇ ਕਰਦੇ ਔਰਤ ਨੇ ਲੀਮੀਆ ਨੂੰ ਸਵਾਲ ਕੀਤਾ ਕਿ ਤੁਹਾਨੂੰ ਜਿੰਦਗੀ ਤੋਂ ਬਹੁਤ ਸ਼ਿਕਾਇਤ ਰਹੀ ਹੋਏਗੀ ਕਿ ਤੁਹਾਨੂੰ ਇੱਕ ਸਧਾਰਨ ਜਿਹੇ ਜਾਂ ਬਹੁਤੇ ਖੂਬਸੂਰਤ ਨਾ ਵਿਖਣ ਵਾਲੇ ਇਨਸਾਨ ਨਾਲ ਵਿਆਹ ਦਿੱਤਾ ਗਿਆ ਜਦ ਕਿ ਤੁਹਾਨੂੰ ਇਹਨਾਂ ਤੋਂ ਵੀ ਵੱਧ ਬਿਹਤਰ ਤੇ ਖੂਬਸੂਰਤ ਮਰਦ ਮਿਲ ਸਕਦਾ ਸੀ। ਲੀਮੀਆ ਨੇ ਉਸਨੂੰ ਪਲਟ ਕੇ ਜਵਾਬ ਦਿੱਤਾ ਕਿ ਤੁਹਾਡੇ ਹਿਸਾਬ ਨਾਲ ਦੁਨੀਆ ਦੀ ਕਿਹੜੀ ਚੀਜ਼ ਸਭ ਤੋਂ ਖੂਬਸੂਰਤ ਹੈ। ਉਸ ਔਰਤ ਨੇ ਕਿਹਾ ਸਭ ਤੋਂ ਸੋਹਣਾ ਚੰਨ ਹੈ। ਲੀਮੀਆ ਨੇ ਕਿਹਾ ਉਸ ਵਿੱਚ ਤਾਂ ਦਾਗ ਨੇ ਉਹ ਕਿਸ ਤਰਾਂ ਖੂਬਸੂਰਤ ਹੋ ਸਕਦਾ। ਫਿਰ ਔਰਤ ਕਹਿਣ ਲੱਗੀ ਮੈਨੂੰ ਸਮੁੰਦਰ ਬੜਾ ਸੋਹਣਾ ਲੱਗਦਾ। ਲੀਮੀਆ ਨੂੰ ਕਹਿਣ ਲੱਗੀ ਪਰ ਉਹ ਤਾਂ ਖਾਰਾ ਹੈ। ਫਿਰ ਔਰਤ ਕਹਿਣ ਲੱਗੀ ਮੈਨੂੰ ਫੁੱਲ ਬਹੁਤ ਸੋਹਣੇ ਲੱਗਦੇ ਨੇ। ਲੀਮੀਆ ਨੇ ਉਸ ਨੂੰ ਜਵਾਬ ਦਿੱਤਾ ਕਿ ਉਹਨਾਂ ਦੀ ਤਾਂ ਸਿਰਫ ਉਮਰ ਹੀ ਇੱਕ ਦਿਨ ਦੀ ਹੁੰਦੀ ਹੈ। ਫਿਰ ਔਰਤ ਨੇ ਲੀਮੀਆ ਤੋਂ ਪੁੱਛਿਆ ਕਿ ਤੁਹਾਡੇ ਅਨੁਸਾਰ ਕਿਹੜੀ ਚੀਜ਼ ਜਿਆਦਾ ਖੂਬਸੂਰਤ ਹੈ। ਲੀਮੀਆ ਨੇ ਉਸਨੂੰ ਜਵਾਬ ਦਿੱਤਾ ਕਿ ਇਸ ਦੁਨੀਆ ਵਿੱਚ ਕੋਈ ਚੀਜ਼ ਖੂਬਸੂਰਤ ਹੈ ਹੀ ਨਹੀਂ ਅਤੇ ਨਾ ਹੀ ਕੋਈ ਚੀਜ਼ ਬਦਸੂਰਤ ਹੈ। ਤੁਹਾਡਾ ਦ੍ਰਿਸ਼ਟੀਕੋਣ ਚੀਜ਼ਾਂ ਨੂੰ ਖੂਬਸੂਰਤ ਤੇ ਬਦਸੂਰਤ ਬਣਾਉਂਦਾ ਹੈ। ਅਸੀਂ ਜਿਸ ਨਜ਼ਰੀਏ ਨਾਲ ਚੀਜ਼ਾਂ ਨੂੰ ਵੇਖਦੇ ਹਾਂ ਉਹ ਸਾਡੇ ਜੀਵਨ ਵਿੱਚ ਉਸੇ ਪ੍ਰਕਾਰ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਸਾਡੇ ਜੀਵਨ ਨੂੰ ਉਸੇ ਪ੍ਰਕਾਰ ਪ੍ਰਭਾਵਿਤ ਕਰਨ ਲੱਗ ਜਾਂਦੀਆਂ ਹਨ। ਇਹ ਜਰੂਰੀ ਨਹੀਂ ਹੈ ਕਿ ਇੱਕ ਬਦਸੂਰਤ ਵਿਅਕਤੀ ਵਿੱਚ ਚੰਗੇ ਗੁਣ ਨਹੀਂ ਮਿਲ ਸਕਦੇ ਅਤੇ ਇਹ ਵੀ ਜਰੂਰੀ ਨਹੀਂ ਹੈ ਕਿ ਇੱਕ ਸੋਹਣੇ ਵਿਅਕਤੀ ਵਿੱਚ ਸਾਨੂੰ ਚੰਗੇ ਗੁਣ ਮਿਲਣ। ਮੈਨੂੰ ਲੱਗਦਾ ਹੈ ਕਿ ਲੀਮੀਆ ਅਤੇ ਉਸ ਔਰਤ ਵਿਚਕਾਰ ਹੋਈ ਕੁਝ ਪਲਾਂ ਦੀ ਵਾਰਤਾਲਾਪ ਸਾਨੂੰ ਜੀਵਨ ਦਾ ਵੱਡਾ ਭੇਦ ਦੇ ਦਿੰਦੀ ਹੈ। ਇੱਕ ਵਿਅਕਤੀ ਦੇ ਨਿਰਾਸ਼ ਰਹਿਣ ਦਾ ਵੱਡਾ ਕਾਰਨ ਮੈਨੂੰ ਇਹੀ ਜਾਪਦਾ ਹੈ ਕਿ ਸਾਨੂੰ ਚੀਜ਼ਾਂ ਨੂੰ ਸਹੀ ਨਜ਼ਰੀਏ ਨਾਲ ਵੇਖਣਾ ਹੀ ਨਹੀਂ ਆਉਂਦਾ। ਸੋ ਜਰੂਰੀ ਹੈ ਅਸੀਂ ਨਾਕਰਾਤਮਕਤਾ ਨੂੰ ਆਪਣੇ ਜੀਵਨ ਤੋਂ ਕੋਹਾਂ ਦੂਰ ਕਰਕੇ ਸਾਕਰਾਤਮਕਤਾ ਨੂੰ ਸੀਨੇ ਲਾਈਏ। 






