ਸ੍ਰੀ ਮੁਕਤਸਰ ਸਾਹਿਬ, 05 ਅਗਸਤ ()- ਨਰਮਾ ਪੱਟੀ ਜ਼ਿਲਿ੍ਹਆਂ ਵਿੱਚ ਨਰਮੇਂ/ਕਪਾਹ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਕੀਟ ਸਰਵੇਖਣ ਅਤੇ ਹੋਰ ਗਤੀਵਿਧੀਆਂ ਦੀ ਮੋਨੀਟਰਿੰਗ ਕਰਨ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਡਾ: ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ), ਸ੍ਰੀ ਮੁਕਤਸਰ ਸਾਹਿਬ ਟੀਮ ਇੰਚਾਰਜ਼ ਹਨ, ਡਾ: ਯਾਦਵਿੰਦਰ ਸਿੰਘ ਏ.ਐਮ.ਓ. ਫਰੀਦਕੋਟ ਅਤੇ ਡਾ: ਅਮਨ ਕੇਸ਼ਵ ਪੀ.ਡੀ.(ਆਤਮਾ)ਫਰੀਦਕੋਟ ਬਤੌਰ ਮੈਂਬਰ ਹਨ, ਵੱਲੋਂ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਿੰਡ ਈਨਾਖੇੜਾ, ਕਟੋਰੇਵਾਲਾ ਅਤੇ ਭਗਵਾਨਪੁਰਾ ਦੇ ਵੱਖ—ਵੱਖ ਖੇਤਾਂ ਵਿੱਚ ਨਰਮੇਂ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਵੇਖਣ ਦੌਰਾਨ ਚਿੱਟੀ ਮੱਖੀ ਦਾ ਹਮਲਾ ਈ.ਟੀ.ਐਲ ਤੋਂ ਘੱਟ ਪਾਇਆ ਗਿਆ ਅਤੇ ਕਿਸੇ ਵੀ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ। ਨਰਮੇਂ ਦੇ ਖੇਤਾਂ ਦਾ ਸਰਵੇਖਣ ਕਰਦਿਆਂ ਡਾ: ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ(ਕਪਾਹ), ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਕਿ ਨਰਮੇਂ ਦੀ ਫ਼ਸਲ ਦੀ ਮੌਜੂਦਾ ਹਾਲਤ ਚੰਗੀ ਹੈ ਅਤੇ ਇਸ ਉਪਰ ਕਿਸੇ ਵੀ ਕੀਟ ਜਾਂ ਬਿਮਾਰੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਦੇਖਣ ਨੂੰ ਮਿਲ ਰਿਹਾ ਹੈ। ਇਸ ਉਪਰੰਤ ਖੇਤੀਬਾੜੀ ਅਧਿਕਾਰੀਆਂ ਨਾਲ ਨਰਮੇਂ ਦੀ ਫ਼ਸਲ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਡਾ: ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਪੀ.ਏ.ਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਕੀਟਨਾਸ਼ਕ ਸਪਰੇਆਂ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਨਰਮੇਂ ਦੀ ਫ਼ਸਲ ਨੂੰ ਯੂਰੀਆ, ਪੋਟਾਸ਼ੀਅਮ ਨਾਈਟਰੇਟ ਅਤੇ ਮੈਗਨੀਜ਼ ਤੱਤ ਦੇਣੇ ਬਹੁਤ ਜ਼ਰੂਰ ਹਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪਿਛਲੇ ਦਿਨੀ ਹੋਈ ਬਾਰਿਸ਼ ਨਰਮੇਂ ਦੀ ਫ਼ਸਲ ਲਈ ਬਹੁਤ ਲਾਹੇਵੰਦ ਸਿੱਧ ਹੋਈ ਹੈ। ਮੀਟਿੰਗ ਦੌਰਾਨ ਡਾ: ਯਾਦਵਿੰਦਰ ਸਿੰਘ ਅਤੇ ਡਾ: ਅਮਨ ਕੇਸ਼ਵ ਵੱਲੋਂ ਨਰਮੇਂ ਦੀ ਫ਼ਸਲ ਦੀ ਸਾਂਭ ਸੰਭਾਲ ਅਤੇ ਫ਼ਸਲ ਲਈ ਵਰਤੇ ਜਾਣ ਵਾਲੇ ਲੋੜੀਂਦੇ ਖੁਰਾਕੀ ਤੱਤਾਂ ਸਬੰਧੀ ਬਲਾਕ ਖੇਤੀਬਾੜੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਜੋ ਇਹ ਜਾਣਕਾਰੀ ਅੱਗੇ ਨਰਮੇਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਤੱਕ ਪੁੱਜਦੀ ਹੋ ਸਕੇ। ਮੀਟਿੰਗ ਦੇ ਅੰਤ ਵਿੱਚ ਬਲਾਕ ਖੇਤੀਬਾੜੀ ਅਧਿਕਾਰੀਆਂ ਵੱਲੋਂ ਵੀ ਨਰਮੇਂ ਦੀ ਫ਼ਸਲ ਦੀ ਸੁਚੱਜੀ ਕਾਸ਼ਤ ਸਬੰਧੀ ਨੁਕਤਿਆਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਅੰਤ ਵਿੱਚ ਡਾ: ਗਿੱਲ ਨੇ ਦੱਸਿਆ ਕਿ ਕਿਸੇ ਵੀ ਸਮੱਸਿਆ ਲਈ ਕਿਸਾਨ ਹੈਲਪ ਡੈਸਕ ਨੰਬਰ 98781—66287 ਤੇ ਸੰਪਰਕ ਕਰਨ।





