ਸ਼੍ਰੀ ਮੁਕਤਸਰ ਸਾਹਿਬ, 12 ਅਗਸਤ ()- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਪੰਜਾਬ ਦੇ ਕਿਸਾਨਾਂ, ਪੰਜਾਬੀਆਂ ਅਤੇ ਪੰਜਾਬੀਅਤ ਦੀ ਜਿੱਤ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਨੇ ਕਿਹਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਪਿੱਠ ’ਤੇ ਛੁਰਾ ਮਾਰਦੇ ਹੋਏ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਲੈ ਕੇ ਲਿਆਂਦੇ ਜਿਸ ਤੋਂ ਬਾਅਦ ਕਿਸਾਨ, ਮਜ਼ਦੂਰ ਤੇ ਹਰੇਕ ਵਰਗ ਦੇ ਕਰੜੇ ਵਿਰੋਧ ਦੇ ਚੱਲਦਿਆ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤੇ ਕਾਲੇ ਕਾਨੂੰਨ ਵਾਪਿਸ ਲੈਣੇ ਪਏ। ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਕੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਲਿਆਂਦੀ ਗਈ ਲੈਂਡ ਪੂÇਲੰਗ ਪਾਲਿਸੀ ਨੂੰ ਵਾਪਿਸ ਲੈ ਕੇ ਮੂੰਹ ਦੀ ਖਾਣੀ ਪਈ ਹੈ।
ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਰਕਾਰਾਂ ਵੱਲੋਂ ਲਏ ਗਏ ਲੋਕ ਵਿਰੋਧੀ ਫੈਸਲੇ ਲਾਗੂ ਕਰਕੇ ਮੁੜ ਵਾਪਿਸ ਲਏ ਜਾਣਾ ‘ਕਿਸਾਨ, ਮਜ਼ਦੂਰ ਏਕੇ ਦਾ’ ਸਬੂਤ ਹੈ, ਤੇ ਉਨ੍ਹਾਂ ਭਵਿੱਖ ’ਚ ਆਉਣ ਵਾਲੀਆਂ ਸਰਕਾਰਾਂ ਲਈ ਚੇਤਾਵਨੀ ਦਿੱਤੀ ਹੈ ਕਿ ਕਿਸਾਨਾਂ ਤੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਲਏ ਗਏ ਫੈਸਲਿਆਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ, ਤੇ ਸਰਕਾਰਾਂ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਗੋਬਿੰਦ ਸਿੰਘ ਕੋਟਲੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਕੈਬਨਿਟ ਦੀ ਵਿਸੇਸ਼ ਮੀਟਿੰਗ ਬੁਲਾਕੇ ਇਸ ਪਾਲਿਸੀ ਨੂੰ ਨਿਯਮਾਂ ਮੁਤਾਬਿਕ ਰੱਦ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਨੇ ਦੱਸਿਆ ਕਿ ਆਉਣ ਵਾਲੀ 24 ਅਗਸਤ ਨੂੰ ਸਮਰਾਲੇ ਵਿਖੇ ਸਥਿਤ ਦਾਣਾ ਮੰਡੀ ’ਚ ਵੱਡੇ ਪੱਧਰ ’ਤੇ ਇਕੱਠ ਕੀਤਾ ਜਾਵੇਗਾ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾ ’ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ ਤੇ ਇਸ ਇਕੱਠ ਦੇ ਸਬੰਧ ’ਚ ਜਲਦੀ ਹੀ ਜ਼ਿਲ੍ਹਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ।






