– ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਗਿਰਫ਼ਤਾਰ ਕਰਕੇ ਕੋਟਕਪੂਰਾ ਥਾਣੇ ਵਿੱਚ ਕੀਤਾ ਬੰਦ –
ਫਰੀਦਕੋਟ , 3 ਦਸੰਬਰ ( ਮਨਪ੍ਰੀਤ ਮੋਨੂੰ )- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਫਰੀਦਕੋਟ ਵਿਖੇ ਇੱਕ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਆ ਰਹੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਕੌਰ ਦਾ ਘਿਰਾਓ ਕੀਤਾ ਜਾਣਾ ਸੀ , ਪਰ ਪੰਜਾਬ ਪੁਲੀਸ ਨੇ ਫ਼ਰੀਦਕੋਟ ਸ਼ਹਿਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ ਤੇ ਉਥੇ ਪੁੱਜੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ । ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਨਹਿਰੂ ਸਟੇਡੀਅਮ ਵਿੱਚ ਸਮਾਗਮ ਰੱਖਿਆ ਗਿਆ ਸੀ ਤੇ ਉਥੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਹੁੰਚਣਾ ਸੀ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬੱਸ ਸਟੈਂਡ ਤੇ ਇਕੱਠੀਆਂ ਹੋਈਆਂ ਸਨ ਤੇ ਜਦੋਂ ਉਹ ਸਟੇਡੀਅਮ ਵੱਲ ਜਾ ਰਹੀਆਂ ਸਨ ਤਾਂ ਚੌਂਕ ਵਿੱਚ ਹੀ ਪੁਲਿਸ ਨੇ ਉਹਨਾਂ ਨੂੰ ਗਿਰਫ਼ਤਾਰ ਕਰਕੇ ਬੱਸਾਂ ਵਿਚ ਸੁੱਟ ਲਿਆ । ਇਥੇ ਪੁਲਿਸ ਅਤੇ ਵਰਕਰਾਂ ਦੀ ਹੱਥੋਪਾਈ ਵੀ ਹੋਈ । ਵਰਕਰਾਂ ਨੇ ਜੋਰਦਾਰ ਨਾਹਰੇਬਾਜੀ ਕੀਤੀ । ਇਸ ਤੋਂ ਪਹਿਲਾਂ ਰੇਲਵੇ ਫਾਟਕ ਅਤੇ ਨਹਿਰ ਦੇ ਪੁੱਲ ਨੇੜਿਓਂ
ਵੀ ਵਰਕਰਾਂ ਨੂੰ ਗਿਰਫ਼ਤਾਰ ਕੀਤਾ ਗਿਆ । ਬਾਅਦ ਵਿੱਚ 60-65 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਲਿਸ ਵੱਲੋਂ ਪੁਲਿਸ ਲਾਈਨ ਫਰੀਦਕੋਟ ਵਿਖੇ ਲਿਜਾਇਆ ਗਿਆ । ਜਦੋਂ ਕਿ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਪੁਲਿਸ ਨੇ ਫਰੀਦਕੋਟ – ਕੋਟਕਪੂਰਾ ਰੋਡ ਤੇ ਗੁਰਦੁਆਰਾ ਗੋਦੜੀ ਸਾਹਿਬ ਕੋਲੋਂ ਗਿਰਫ਼ਤਾਰ ਕਰ ਲਿਆ । ਇਸ ਮੌਕੇ ਉਹਨਾਂ ਦੋਸ਼ ਲਗਾਇਆ ਕਿ ਉਹਨਾਂ ਨੂੰ ਪੁਲਿਸ ਨੇ ਲੇਡੀ ਪੁਲਿਸ ਤੋਂ ਬਿਨਾਂ ਹੀ ਗਿਰਫ਼ਤਾਰ ਕਰਕੇ ਥਾਣਾ ਕੋਟਕਪੂਰਾ ਵਿੱਚ ਲਿਜਾ ਕੇ ਬੰਦ ਕਰ ਦਿੱਤਾ । ਜਿਉਂ ਹੀ ਵਰਕਰਾਂ ਨੂੰ ਉਹਨਾਂ ਦੀ ਗਿਰਫਤਾਰੀ ਦੀ ਸੂਚਨਾ ਮਿਲੀ ਤਾਂ ਤਿੰਨ ਦਰਜਨ ਦੇ ਕਰੀਬ ਵਰਕਰਾਂ ਨਾਹਰੇਬਾਜੀ ਕਰਦੀਆਂ ਕੋਟਕਪੂਰਾ ਥਾਣੇ ਵਿੱਚ ਪੁੱਜ ਗਈਆਂ । ਜਦੋਂ ਫਰੀਦਕੋਟ ਵਿਖੇ ਮੰਤਰੀ ਦਾ ਸਮਾਗਮ ਖਤਮ ਹੋਇਆ ਤਾਂ ਉਸ ਤੋਂ ਬਾਅਦ ਹੀ ਪੁਲਿਸ ਨੇ ਵਰਕਰਾਂ ਤੇ ਹੈਲਪਰਾਂ ਨੂੰ ਰਿਹਾਅ ਕੀਤਾ । ਇਸ ਮੌਕੇ ਹਰਗੋਬਿੰਦ ਕੌਰ ਨੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਦੀ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ ।
ਉਹਨਾਂ ਕਿਹਾ ਕਿ ਉਹ ਸਰਕਾਰ ਅਤੇ ਮੰਤਰੀ ਦੀ ਧੱਕੇਸ਼ਾਹੀ ਤੋਂ ਡਰਨ ਵਾਲੀਆਂ ਨਹੀਂ ਹਨ ਤੇ ਮੂੰਹ ਤੋੜਵਾਂ ਜਵਾਬ ਦੇਣਗੀਆਂ । ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ । ਜਿੰਨਾ ਆਗੂਆਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਉਹਨਾਂ ਵਿੱਚ ਸ਼ਿੰਦਰਪਾਲ ਕੌਰ ਥਾਂਦੇਵਾਲਾ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ , ਗੁਰਮੀਤ ਕੌਰ ਗੋਨੇਆਣਾ ਜ਼ਿਲ੍ਹਾ ਪ੍ਰਧਾਨ ਬਠਿੰਡਾ , ਮਹਿੰਦਰ ਕੌਰ ਪੱਤੋ ਜ਼ਿਲ੍ਹਾ ਪ੍ਰਧਾਨ ਮੋਗਾ , ਦਲਜੀਤ ਕੌਰ ਬਰਨਾਲਾ ਜ਼ਿਲ੍ਹਾ ਪ੍ਰਧਾਨ ਬਰਨਾਲਾ , ਜੀਵਨ ਮੱਖੂ , ਵੀਰਪਾਲ ਕੌਰ ਭਾਗਸਰ , ਗਿਆਨ ਕੌਰ ਦੂਹੇਵਾਲਾ , ਅੰਮ੍ਰਿਤਪਾਲ ਕੌਰ ਹਰੀ ਨੌਂ ,ਰੇਖਾ ਰਾਣੀ ਜੀਦਾ , ਬਲਜੀਤ ਕੌਰ ਹਰੀ ਨੌਂ ਆਦਿ ਦਰਜਨਾਂ ਆਗੂ ਮੌਜੂਦ ਸਨ ।







