ਪਿੰਡ ਨਰੈਣਗੜ੍ਹ ਨੇੜੇ ਫੈਕਟਰੀ ਖ਼ਿਲਾਫ਼ ਪ੍ਰਦੂਸ਼ਣ ਦੇ ਦੋਸ਼, ਪਿੰਡ ਵਾਸੀਆਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਤਿੰਨ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ  ਹਵਾ ਅਤੇ ਪਾਣੀ ਪ੍ਰਦੂਸ਼ਣ ਦੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ, ਕਾਨੂੰਨੀ ਕਾਰਵਾਈ ਅਤੇ ਫੈਕਟਰੀ ਦਾ ਸੰਚਾਲਨ ਰੋਕਣ ਦੀ ਕੀਤੀ ਮੰਗ

Spread the love
ਖੰਨਾ, 9 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ): ਤਹਿਸੀਲ ਖੰਨਾ ਦੇ ਨੇੜਲੇ ਪਿੰਡ ਨਰੈਣਗੜ੍ਹ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਭਗਤ ਪੂਰਨ ਸਿੰਘ ਮਾਰਗ ‘ਤੇ ਸਥਿਤ ਏਸ਼ੀਅਨ ਹਾਈ-ਟੈੱਕ ਇੰਟਰਨੈਸ਼ਨਲ ਫੈਕਟਰੀ ਖ਼ਿਲਾਫ਼ ਹਵਾ ਅਤੇ ਪਾਣੀ ਪ੍ਰਦੂਸ਼ਣ ਫੈਲਾਉਣ ਦੇ ਗੰਭੀਰ ਦੋਸ਼ ਲਗਾਉਂਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ, ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਐਸ.ਡੀ.ਐਮ. ਖੰਨਾ ਨੂੰ ਵਿਸਥਾਰਪੂਰਵਕ ਦੁਰਖ਼ਾਸਤ ਭੇਜੀ ਹੈ। ਦੁਰਖ਼ਾਸਤ ਵਿੱਚ ਫੈਕਟਰੀ ਦੀ ਤੁਰੰਤ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਦੁਰਖ਼ਾਸਤਕਾਰਾਂ ਦਾ ਦਾਅਵਾ ਹੈ ਕਿ ਉਕਤ ਫੈਕਟਰੀ ਵਿੱਚ ਪਿਛਲੇ ਕਈ ਸਾਲਾਂ ਤੋਂ ਪੁਰਾਣੇ ਰਬੜ ਦੇ ਟਾਇਰਾਂ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਅਤੇ ਰਾਤ ਦੇ ਸਮੇਂ ਟਾਇਰਾਂ ਨੂੰ ਸਾੜਨ ਕਾਰਨ ਹਵਾ ਵਿੱਚ ਜ਼ਹਿਰੀਲਾ ਧੂੰਆਂ ਅਤੇ ਤਿੱਖੀ ਬਦਬੂ ਫੈਲਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ, ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਪਸ਼ੂ-ਪੰਛੀਆਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਫੈਕਟਰੀ ਵਿੱਚੋਂ ਨਿਕਲਣ ਵਾਲੇ ਕੈਮੀਕਲ ਯੁਕਤ ਪਾਣੀ ਦੇ ਨਿਕਾਸ ਦਾ ਉਚਿਤ ਪ੍ਰਬੰਧ ਨਹੀਂ ਹੈ, ਜਿਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਵਸਨੀਕਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਦੁਰਖ਼ਾਸਤ ਵਿੱਚ 5 ਜੁਲਾਈ 2026 ਦੀ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸ਼ਿਕਾਇਤਕਰਤਾਵਾਂ ਦੇ ਅਨੁਸਾਰ ਉਸ ਦਿਨ ਫੈਕਟਰੀ ਵਿੱਚੋਂ ਅਚਾਨਕ ਬਹੁਤ ਤੇਜ਼ ਅਤੇ ਤਿੱਖੀ ਬਦਬੂ ਫੈਲ ਗਈ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ। ਦੁਰਖ਼ਾਸਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾ ਦੌਰਾਨ ਨੇੜਲੇ ਖੇਤਾਂ ਦੀਆਂ ਫ਼ਸਲਾਂ ਅਤੇ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚਿਆ। ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਫੈਕਟਰੀ ਵਿੱਚ ਵਾਤਾਵਰਣ ਸੁਰੱਖਿਆ ਸਬੰਧੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਗੈਰ-ਕਾਨੂੰਨੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤਾਂ ਇਲਾਕੇ ਦੇ ਲੋਕਾਂ ਨੂੰ ਸੰਭਾਵਿਤ ਸਿਹਤ ਖ਼ਤਰਿਆਂ ਤੋਂ ਬਚਾਇਆ ਜਾ ਸਕਦਾ ਹੈ।ਦੁਰਖ਼ਾਸਤ ਦੇ ਅੰਤ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਵਾਤਾਵਰਣ ਕਾਨੂੰਨਾਂ ਅਨੁਸਾਰ ਸਖ਼ਤ ਕਾਰਵਾਈ ਕਰਦਿਆਂ ਫੈਕਟਰੀ ਦਾ ਸੰਚਾਲਨ ਰੋਕਿਆ ਜਾਵੇ। ਇਸ ਸਮੇਂ ਪਿੰਡ ਨਰੈਣਗੜ ਦੇ ਮਨਪ੍ਰੀਤ ਸਿੰਘ, ਰਾਮ ਚੰਦ ਸਮੇਤ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਇਸ ਮਾਮਲੇ ਨੂੰ ਲੈ ਕੇ ਪਿੰਡ ਰੋਹਣੋ ਦੇ ਸਮਾਜ ਸੇਵੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਪਿੰਡ ਰਾਜੇਵਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਫ਼ਤਰ ਨੇ ਸ਼ਿਕਾਇਤ ਦਾ ਤੁਰੰਤ ਨੋਟਿਸ ਲੈਂਦਿਆਂ ਇਸ ਨੂੰ ਤੁਰੰਤ ਕਾਰਵਾਈ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਾਰਕ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ, ਤਾਂ ਜੋ ਤੱਥਾਂ ਦੇ ਆਧਾਰ ‘ਤੇ ਬਣਦੀ ਅਤੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ।ਇਸ ਮਾਮਲੇ ਵਿੱਚ ਲਗਾਏ ਗਏ ਸਾਰੇ ਦੋਸ਼ ਸ਼ਿਕਾਇਤਕਰਤਾਵਾਂ ਵੱਲੋਂ ਦੁਰਖ਼ਾਸਤ ਵਿੱਚ ਕੀਤੇ ਗਏ ਹਨ। ਏਸ਼ੀਅਨ ਹਾਈ-ਟੈੱਕ ਇੰਟਰਨੈਸ਼ਨਲ ਜਾਂ ਸੰਬੰਧਿਤ ਸਰਕਾਰੀ ਵਿਭਾਗ ਦਾ ਪੱਖ ਖ਼ਬਰ ਲਿਖੇ ਜਾਣ ਤੱਕ ਪ੍ਰਾਪਤ ਨਹੀਂ ਹੋ ਸਕਿਆ। ਉਨ੍ਹਾਂ ਦਾ ਜਵਾਬ ਮਿਲਣ ‘ਤੇ ਉਸ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।
  • Related Posts

    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰ ਲਈ ਮਕਾਨ ਦੀ ਉਸਾਰੀ ਸ਼ੁਰੂ-

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 09 ਜੁਲਾਈ (ਮਨਜੀਤ ਸਿੱਧੂ):- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਐੱਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਚਲਾਈ ਜਾ ਰਹੀ ਸੰਨੀ ਓਬਰਾਏ ਆਵਾਸ ਯੋਜਨਾ…

    ਜੀ.ਟੀ. ਰੋਡ ਫਲਾਈਓਵਰ ਹੇਠਾਂ ਹਰ ਸਾਲ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝਦੇ ਹਨ ਲੋਕ : ਬੰਟੀ ਵਾਲੀਆ * ਕਿਹਾ: ਮਾਰੂ ਬਿਮਾਰੀਆਂ ਦਾ ਖ਼ਤਰਾ, ਹਾਦਸਿਆਂ ਦੀ ਵੀ ਸੰਭਾਵਨਾ * ਜਨ ਸਮੱਸਿਆਵਾਂ ਦੇ ਹੱਲ ਪ੍ਰਤੀ ਪ੍ਰਸ਼ਾਸਨ ਦੀ ਬੇਰੁਖ਼ੀ ਨਿੰਦਣਯੋਗ

    Spread the love

    Spread the love ਫਗਵਾੜਾ 9 ਜੁਲਾਈ (   ਪ੍ਰੀਤ ਕੌਰ ਪ੍ਰੀਤੀ  ) ਨੈਸ਼ਨਲ ਹਾਈਵੇ-1 ’ਤੇ ਜੇ.ਸੀ.ਟੀ. ਮਿਲ ਅਤੇ ਮਾਡਲ ਟਾਊਨ ਦੇ ਵਿਚਕਾਰ ਬਣੇ ਫਲਾਈਓਵਰ ਹੇਠਾਂ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਖੜਾ ਰਹਿਣ…

    Leave a Reply

    Your email address will not be published. Required fields are marked *