ਪੱਟੀ ਸਦੀਕ, 12 ਅਗਸਤ (ਬਲਕਰਨ ਸਿੰਘ ਮਸ਼ਾਲ)- ਸਰਕਾਰੀ ਪ੍ਰਾਇਮਰੀ ਸਕੂਲ ਸੀਡ ਫਾਰਮ ਕੱਚਾ (ਬਲਾਕ ਅਬੋਹਰ-1) ਵਿਖੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਵਧਾਉਣ ਦੇ ਮਕਸਦ ਨਾਲ ਬੱਚਿਆਂ ਨੂੰ ਵਾਤਾਵਰਨ ਜਾਗਰੂਕਤਾ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਵੇੜ੍ਹੇ ਵਿੱਚ ਵੱਖ-ਵੱਖ ਕਿਸਮਾਂ ਦੇ ਨਵੇਂ ਛਾਂਦਾਰ ਅਤੇ ਫ਼ਲਦਾਰ, ਫੁੱਲਦਾਰ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਦੇ ਹੈੱਡ ਟੀਚਰ ਸ. ਕੁਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਨਾਲ ਜੋੜਨ ਲਈ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਧ ਰਹੇ ਪ੍ਰਦੂਸ਼ਣ ਅਤੇ ਧੂੰਏਂ ਕਾਰਨ ਵਾਤਾਵਰਨ ਅਤੀ ਦੂਸ਼ਿਤ ਹੋ ਚੁੱਕਾ ਹੈ, ਜਿਸ ਨਾਲ ਅਨੇਕਾਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਪੌਦਿਆਂ ਦੀ ਸੰਭਾਲ ‘ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਹੈੱਡ ਟੀਚਰ ਨੇ ਕਿਹਾ ਕਿ ਪੌਦੇ ਲਗਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਪਾਲ-ਪੋਸ ਕੇ ਵੱਡਾ ਕਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਹਰੇਕ ਬੱਚੇ ਨੂੰ ਘੱਟੋ-ਘੱਟ ਇੱਕ ਪੌਦਾ ਗੋਦ ਲੈਣਾ ਚਾਹੀਦਾ ਹੈ ਅਤੇ ਉਸ ਨੂੰ ਨਿਯਮਤ ਪਾਣੀ ਦੇਣ, ਖਾਦ ਪਾਉਣ ਅਤੇ ਉਸ ਦੀ ਸੁਰੱਖਿਆ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਕੁਦਰਤੀ ਸੰਤੁਲਨ ਬਣਾਏ ਰੱਖਣ ਲਈ ਧਰਤੀ ਨੂੰ ਹਰੀ-ਭਰੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਕੂਲ ਦੇ ਅਧਿਆਪਕਾਂ ਸ਼੍ਰੀਮਤੀ ਅੰਸ਼ੂ ਬਾਲਾ, ਸ਼੍ਰੀਮਤੀ ਉਸ਼ਾ ਭਟਾਨੀ, ਸ਼੍ਰੀਮਤੀ ਸ਼ੀਤਲ, ਕੁਮਾਰੀ ਰਮਨਪ੍ਰੀਤ ਅਤੇ ਸ਼੍ਰੀਮਤੀ ਅਮਿਤਾ ਸ਼ਰਮਾ ਨੇ ਵੀ ਬੱਚਿਆਂ ਨਾਲ ਮਿਲ ਕੇ ਪੌਦੇ ਲਗਾਏ। ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਤੇ ਹਰਾ-ਭਰਾ ਰੱਖਣ ਦੀ ਪ੍ਰੇਰਨਾ ਦਿੱਤੀ।