ਪੱਟੀ ਸਦੀਕ, 15 ਸਤੰਬਰ (ਬਲਕਰਨ ਸਿੰਘ ਮਸ਼ਾਲ)- ਅਬੋਹਰ ਦੇ ਪ੍ਰਸਿੱਧ ਫ਼ਿਲਮ ਐਕਟਰ ਚਿਰਾਗ ਨਾਗਪਾਲ ਨੇ ਆਪਣੀ ਵਿਸ਼ੇਸ਼ ਇੰਟਰਵਿਊ ਦੌਰਾਨ ਦੱਸਿਆਂ ਕਿ ਪੰਜਾਬੀ ਸਿਨੇਮਾ ਵਿੱਚ ਨਿਵੇਕਲੇ ਵਿਸ਼ੇ ਨੂੰ ਲੈ ਕੇ ਬਣੀ ਫ਼ਿਲਮ “ਕੁਰਬਾਨ ਹੂਆ ਤੇਰੇ ਇਸ਼ਕ ਮੇਂ” ਪ੍ਰੀਮੀਅਰ ਅਬੋਹਰ ਦੇ ਮਿਰਾਜ ਸਿਨੇਮਾ ਵਿਖੇ ਧੂਮਧਾਮ ਨਾਲ ਹੋਇਆ ਹੈ, ਜਿੱਥੇ ਦਰਸ਼ਕਾਂ ਅਤੇ ਫ਼ਿਲਮ ਨਾਲ ਜੁੜੇ ਕਲਾਕਾਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਫਿਲਮ ਵਿੱਚ ਉਨ੍ਹਾਂ ਦੀ ਐਕਟਿੰਗ ਨੂੰ ਲੋਕਾਂ ਵੱਲੋਂ ਕਾਫ਼ੀ ਜਿਆਦਾ ਪਸੰਦ ਵੀ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਫ਼ਿਲਮ ਦੀ ਟੀਮ ਨੂੰ ਹੌਸਲਾ ਅਫ਼ਜ਼ਈ ਦੇਣ ਲਈ ਚੰਡੀਗੜ੍ਹ ਤੋਂ ਅਗਮਪ੍ਰੀਤ, ਨੈਨਾ ਅਰੋੜਾ ਅਤੇ ਹਰਿੰਦਰ ਭੁੱਲਰ ਸਮੇਤ ਕਈ ਨਾਮਵਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਈਆਂ। ਭਾਵਨਾਤਮਕ ਕਹਾਣੀ ਅਤੇ ਮੁੱਖ ਕਿਰਦਾਰ: ਇਹ ਫ਼ਿਲਮ ਇੱਕ ਪ੍ਰਭਾਵਸ਼ਾਲੀ ਅਤੇ ਭਾਵਨਾਤਮਕ ਪ੍ਰੇਮ ਕਹਾਣੀ ‘ਤੇ ਆਧਾਰਿਤ ਹੈ, ਜੋ ਇੱਕ ਅਜਿਹੀ ਨੌਜਵਾਨ ਔਰਤ ਦੁਆਲੇ ਘੁੰਮਦੀ ਹੈ ਜਿਸ ਨੇ ਛੋਟੀ ਉਮਰ ਵਿੱਚ ਹੀ ਮਾਪਿਆਂ ਦਾ ਸਾਇਆ ਗੁਆ ਦਿੱਤਾ ਸੀ। ਰਿਸ਼ਤੇਦਾਰਾਂ ਕੋਲ ਰਹਿੰਦਿਆਂ ਜਦੋਂ ਉਹ ਜ਼ਿੰਦਗੀ ਦੇ ਸੰਘਰਸ਼ਾਂ ਅਤੇ ਮੁਸ਼ਕਲ ਹਾਲਾਤਾਂ ਨਾਲ ਜੂਝ ਰਹੀ ਹੁੰਦੀ ਹੈ, ਤਾਂ ਉਸਦੀ ਜ਼ਿੰਦਗੀ ਵਿੱਚ ਇੱਕ ਨੌਜਵਾਨ ਦਾ ਪ੍ਰਵੇਸ਼ ਹੁੰਦਾ ਹੈ ਜੋ ਉਸਨੂੰ ਹਰ ਕਦਮ ‘ਤੇ ਸਹਾਰਾ ਦਿੰਦਾ ਹੈ। ਪਿਆਰ, ਪਰਿਵਾਰਕ ਰਿਸ਼ਤਿਆਂ, ਸਵਾਰਥ ਅਤੇ ਸੰਘਰਸ਼ਾਂ ਦੇ ਤਾਣੇ-ਬਾਣੇ ਵਿੱਚ ਬੁਣੀ ਇਹ ਕਹਾਣੀ ਦਰਸ਼ਕਾਂ ਨੂੰ ਇੱਕ ਭਾਵਨਾਤਮਕ ਸਫ਼ਰ ‘ਤੇ ਲੈ ਕੇ ਜਾਂਦੀ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾ ਰਹੇ ਚਿਰਾਗ ਨਾਗਪਾਲ ਨੇ ‘ਸੂਫ਼ੀਆਂ’ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ, ਜਦਕਿ ਪ੍ਰਿਆ ਠਾਕੁਰ ਨੇ ‘ਸੀਰਤ’ ਦੇ ਰੂਪ ਵਿੱਚ ਅਦਾਕਾਰੀ ਦੇ ਜੌਹਰ ਦਿਖਾਏ ਹਨ। ਗੌਰਵ ਟੰਡਨ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਖ਼ੁਦ ਚਿਰਾਗ ਨਾਗਪਾਲ ਨੇ ਲਿਖੀ ਹੈ ਅਤੇ ਸੈਂਸਰ ਰਿਕਾਰਡ ਮੁਤਾਬਕ ਉਹ ਇਸ ਦੇ ਨਿਰਮਾਤਾ ਵੀ ਹਨ। ਹੋਰ ਕਲਾਕਾਰ ਅਤੇ ਸੰਗੀਤ ਫ਼ਿਲਮ ਵਿੱਚ ਵਿਕਾਸ ਬੱਤਰਾ, ਹਰਪ੍ਰੀਤ ਕੌਰ, ਆਂਚਲ ਕੌਰ ਅਤੇ ਅਰਸ਼ਦੀਪ ਸਿੰਘ ਵਰਗੇ ਪ੍ਰਤਿਭਾਵਾਨ ਕਲਾਕਾਰਾਂ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਇਸ ਦੇ ਨਾਲ ਹੀ ‘ਮਨੀਕਸ’ ਵੱਲੋਂ ਤਿਆਰ ਕੀਤਾ ਗਿਆ ਫ਼ਿਲਮ ਦਾ ਸੰਗੀਤ ਦਰਸ਼ਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡ ਰਿਹਾ ਹੈ। ਓ.ਟੀ.ਟੀ. (OTT) ਪਲੇਟਫਾਰਮ ‘ਤੇ ਉਪਲਬਧ ਹੈ। ਪ੍ਰੀਮੀਅਰ ਵਿੱਚ ਪਹੁੰਚੇ ਮਹਿਮਾਨਾਂ ਨੇ ਫ਼ਿਲਮ ਦੀ ਪੂਰੀ ਟੀਮ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਪੰਜਾਬੀ ਸਿਨੇਮਾ ਵਿੱਚ ਨਵੇਂ ਕਲਾਕਾਰਾਂ ਅਤੇ ਪ੍ਰਯੋਗਸ਼ੀਲ ਕਹਾਣੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਫ਼ਿਲਮ ਟੀਮ ਨੇ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਨੇਮਾਘਰਾਂ ਤੋਂ ਬਾਅਦ ਇਹ ਫ਼ਿਲਮ ਬੀਤੀ 8 ਸਤੰਬਰ ਤੋਂ ਪ੍ਰਮੁੱਖ ਓ.ਟੀ.ਟੀ. ਪਲੇਟਫਾਰਮ ‘ਚੌਪਾਲ’ (Chaupal) ‘ਤੇ ਉਪਲੱਬਧ ਹੈ, ਜਿੱਥੇ ਡਿਜੀਟਲ ਦਰਸ਼ਕਾਂ ਵੱਲੋਂ ਵੀ ਇਸ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ।