ਪੱਟੀ ਸਦੀਕ, 24 ਅਗਸਤ (ਬਲਕਰਨ ਸਿੰਘ ਮਸ਼ਾਲ)- 70ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੁਸ਼ੂ, ਕੁਸ਼ਤੀ ਅਤੇ ਕ੍ਰਿਕਟ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਖਿਡਾਰੀਆਂ ਦੀ ਇਸ ਮਿਹਨਤ ਅਤੇ ਅਨੁਸ਼ਾਸਨ ਨੇ ਸਕੂਲ ਅਤੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਮੁੱਖ ਪ੍ਰਾਪਤੀਆਂ ਜਿਵੇਂ ਵੁਸ਼ੂ ਮੁਕਾਬਲੇ: 17 ਤੋਂ 18 ਅਗਸਤ 2026 ਨੂੰ ਸਕੂਲ ਕੰਪਲੈਕਸ ਵਿਖੇ ਹੋਏ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ। ਸੋਨ ਤਗਮਾ ਜੇਤੂ ਖਿਡਾਰੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਸਫ਼ਲਤਾ ਵਿੱਚ ਕੋਚ ਸ਼੍ਰੀ ਮਨਦੀਪ ਸਰਨ ਅਤੇ ਸ਼੍ਰੀ ਆਨੰਦ ਬਿਸ਼ਨੋਈ ਦਾ ਅਹਿਮ ਯੋਗਦਾਨ ਰਿਹਾ। ਕੁਸ਼ਤੀ ਮੁਕਾਬਲੇ: 18 ਅਗਸਤ 2026 ਨੂੰ ਸਰਕਾਰੀ ਸਕੂਲ, ਲਾਧੂਕਾ ਵਿਖੇ ਹੋਏ ਮੁਕਾਬਲਿਆਂ ਵਿੱਚ ਕੋਚ ਸ਼੍ਰੀ ਵਿਜੇ ਅਤੇ ਸ਼੍ਰੀਮਤੀ ਗਰਿਮਾ ਦੀ ਅਗਵਾਈ ਹੇਠ ਸਕੂਲੀ ਖਿਡਾਰੀਆਂ ਨੇ 5 ਸੋਨੇ, 5 ਚਾਂਦੀ ਅਤੇ 5 ਕਾਂਸੀ ਦੇ ਤਗਮਿਆਂ (ਕੁੱਲ 15 ਤਗਮੇ) ਸਮੇਤ ਸ਼ਾਨਦਾਰ ਜਿੱਤ ਦਰਜ ਕੀਤੀ। ਕ੍ਰਿਕਟ ਮੁਕਾਬਲੇ: 19 ਅਗਸਤ 2026 ਨੂੰ ਐੱਮ.ਆਰ. ਕਾਲਜ, ਫਾਜ਼ਿਲਕਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਅੰਡਰ-14 ਮੁਕਾਬਲੇ ਵਿੱਚ ਮੌਜਗੜ੍ਹ ਜ਼ੋਨ ਦੀ ਟੀਮ ਨੇ ਵਧੀਆ ਖੇਡ ਦਿਖਾਈ। ਇਸ ਦੌਰਾਨ ਸਮਰਾਟ (7ਵੀਂ ਜਮਾਤ), ਵਿਦੁਲ ਕੰਬੋਜ ਅਤੇ ਯੁਵਲ ਕੰਬੋਜ (ਦੋਵੇਂ 9ਵੀਂ ਜਮਾਤ) ਨੇ ਸੋਨ ਤਗਮੇ ਜਿੱਤ ਕੇ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ। ਇਹ ਸਫ਼ਲਤਾ ਕ੍ਰਿਕਟ ਕੋਚ ਸ਼੍ਰੀ ਵਿਕਰਮ ਸਿੰਘ ਦੀ ਯੋਗ ਅਗਵਾਈ ਹੇਠ ਪ੍ਰਾਪਤ ਹੋਈ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਰਵੀ ਕੁਮਾਰ ਅਤੇ ਡਾਇਰੈਕਟਰ ਸ਼੍ਰੀ ਸੁਖਵਿੰਦਰ ਪਾਲ ਨੇ ਸਮੂਹ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਨਿਰੰਤਰ ਮਿਹਨਤ ਅਤੇ ਦ੍ਰਿੜ ਇਰਾਦਾ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਰਾਜ ਪੱਧਰ ‘ਤੇ ਵੀ ਸਕੂਲ ਦਾ ਨਾਮ ਰੌਸ਼ਨ ਕਰਨਗੇ।