ਸ਼੍ਰੀ ਮੁਕਤਸਰ ਸਾਹਿਬ, 12 ਅਗਸਤ (ਗੁਰਮੀਤ ਵਰਮਾ)- ਵੈਸੇ ਤਾਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ’ਚ ਜ਼ਿਆਦਾਤਰ ਵਿਅਕਤੀਆਂ ਵੱਲੋਂ ਸਰਕਾਰੀ ਗਲੀਆਂ ਵਿੱਚ ਘਰਾਂ ਦੇ ਅੱਗੇ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਰੈਂਪ ਤੇ ਥੜੇ ਬਣਾ ਕੇ ਨਜਾਇਜ਼ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਆਵਾਜਾਈ ਵਿੱਚ ਕਾਫੀ ਵਿਘਨ ਪੈਂਦਾ ਹੈ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਅਜਿਹੇ ਮਾਮਲਿਆਂ ’ਚ ਚੁੱਪੀ ਧਾਰੀ ਹੋਈ ਹੈ, ਜਿਸ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਗਲੀ ਨੰ: 01 ਵਿੱਚ ਅਜਿਹਾ ਹੀ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ, ਜਿਥੇ ਮੁਹੱਲਾ ਨਿਵਾਸੀਆਂ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਸਿਆਸਤਦਾਨ ਤੇ ਰਸੂਖਦਾਰ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਕੁਲਵਿੰਦਰ ਸਿੰਘ ਵੱਲੋਂ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਆਪਣੇ ਘਰ ਦੇ ਬਾਹਰ ਕਰੀਬ ਡੇਢ ਫੁੱਟ ਉੱਚਾ ਥੜਾ ਬਣਾ ਕੇ ਉਸ ਉਪਰ ਗੱਡੀ ਪਾਰਕ ਕਰਕੇ ਆਵਜਾਈ ਵਿੱਚ ਅੜਿੱਕਾ ਪਾਇਆ ਗਿਆ, ਮੁਹੱਲਾ ਨਿਵਾਸੀਆਂ ਦਾ ਕਹਿਣਾ ਕਿ ਉਕਤ ਵਿਅਕਤੀ ਨੇ ਆਪਣੇ ਸਿਆਸੀ ਰੁਤਬੇ ਦੇ ਜ਼ੋਰ ’ਤੇ ਨਿਯਮਾਂ ਨੂੰ ਸ਼ਿੰਕੇ ਟੰਗ ਕੇ ਗਲੀ ਵਿੱਚ ਇਹ ਥੜਾ ਬਣਾਉਣ ਤੋਂ ਬਾਅਦ ਗੱਡੀ ਪਾਰਕ ਕਰਕੇ ਨਜਾਇਜ਼ ਕਬਜਾ ਕੀਤਾ। ਮੁਹੱਲਾ ਨਿਵਾਸੀਆਂ ਦਾ ਕਹਿਣਾ ਕਿ ਉਕਤ ਵਿਅਕਤੀ ਵੱਲੋਂ ਬਣਾਏ ਗਏ ਥੜੇ ਕਾਰਨ ਜਿਥੇ ਆਵਾਜਾਈ ’ਚ ਵਿਘਨ ਪੈਂਦਾ ਉਥੇ ਹੀ ਬਾਰਿਸ਼ ਦਾ ਦੇ ਦਿਨਾਂ ਵਿੱਚ ਪਾਣੀ ਦੀ ਨਿਕਾਸੀ ਦੇ ਵਿੱਚ ਵੀ ਵੱਡੇ ਪੱਧਰ ’ਤੇ ਅੜਿੱਕਾ ਪੈਦਾ ਹੁੰਦਾ ਹੈ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਤੋਂ ਮੰਗ ਕੀਤੀ ਕਿ ਹੈ ਕਿ ਸ਼ਹਿਰ ਵਿੱਚ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਬਣਾਏ ਗਏ ਥੜਿਆਂ ਤੇ ਰੈਂਪਾਂ ’ਤੇ ਠੋਸ ਕਾਰਵਾਈ ਕਰਕੇ ਗਲੀਆਂ ਨੂੰ ਖੁੱਲ੍ਹਾ ਕੀਤਾ ਜਾਵੇ ਤਾਂ ਜੋ ਟਰੈਫਿਕ ਦੀ ਸਮੱਸਿਆ ਦੂਰ ਕਰਕੇ ਆਵਾਜਾਈ ਲਈ ਰਸਤੇ ਸੁਖਾਲੇ ਕੀਤੇ ਜਾ ਸਕਣ।
ਕੀ ਕਹਿਣਾ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਦਾ
ਜਦੋਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਕੁਲਵਿੰਦਰ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੁਹੱਲੇ ਦੇ ਨਜ਼ਦੀਕ ਰੇਲਵੇ ਵਿਭਾਗ ਵਲੋਂ ਖਾਲੀ ਪਲਾਟ ਛੱਡੇ ਗਏ ਹਨ, ਜਿਸ ਵਿੱਚ ਕੋਟਲੀ ਰੋਡ ਤੋਂ ਲੈ ਕੇ ਉੁਕਤ ਮੁਹੱਲੇ ਦਾ ਸਾਰਾ ਬਾਰਿਸ਼ ਦਾ ਪਾਣੀ ਮੇਰੇ ਘਰ ਦੇ ਅੱਗਿਓ ਦੀ ਗੁਜ਼ਰਦਾ ਹੋਇਆ, ਉਕਤ ਖਾਲੀ ਪਲਾਟਾਂ ਵਿੱਚ ਜਮ੍ਹਾਂ ਹੁੰਦਾ ਹੈ, ਤੇ ਇਸ ਪਾਣੀ ਦਾ ਵਹਾਓ ਤੇ ਪੱਧਰ ਕਾਫ਼ੀ ਉੱਚਾ ਹੋਣ ਕਾਰਨ ਇਹ ਪਾਣੀ ਮੇਰੇ ਘਰ ਅੰਦਰ ਦਾਖਲ ਹੋ ਜਾਂਦਾ ਤੇ ਘਰ ਦੀਆਂ ਨੀਹਾਂ ਨਾਲ ਪਾਣੀ ਖੜ੍ਹਾ ਹੋਣ ਕਾਰਨ ਸਾਡੇ ਘਰ ਦੀਆਂ ਦੀਵਾਰਾਂ ਵਿੱਚ ਵੀ ਤਰੇੜਾਂ ਆ ਚੁੱਕੀਆਂ। ਇਸ ਤੋਂ ਇਲਾਵਾ ਘਰ ਅੰਦਰ ਪਾਣੀ ਦਾਖਲ ਹੋਣ ਕਾਰਨ ਸਾਡੇ ਘਰ ਦਾ ਇਲੈਕਟ੍ਰੋਨਿਕ ਦਾ ਕਾਫ਼ੀ ਸਮਾਨ ਖਰਾਬ ਹੋ ਚੁੱਕਾ ਤਾਂ ਮਜ਼ਬੂਰੀ ਕਾਰਨ ਸਾਡੇ ਵਲੋਂ ਇਹ ਥੜਾ ਬਣਾਇਆ ਗਿਆ। ਉਨ੍ਹਾਂ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੇ ਸਵਾਲ ’ਤੇ ਜਵਾਬ ਦਿੱਤਾ ਕਿ ਸਾਡੇ ਵੱਲੋਂ ਬਣਾਏ ਗਏ ਥੜੇ ਨਾਲ ਬਾਰਿਸ਼ ਦੇ ਪਾਣੀ ਦੀ ਨਿਕਾਸੀ ’ਚ ਕਿਸੇ ਤਰ੍ਹਾਂ ਦਾ ਅੜਿੱਕਾ ਪੈਦਾ ਨਹੀਂ ਹੁੰਦਾ, ਕਿਉਂਕਿ ਥੜੇ ਦੇ ਦੋਵੇਂ ਪਾਸੇ ਚੈਂਬਰ ਬਣੇ ਹੋਏ ਹਨ। ਇਸ ਮੌਕੇ ਕੁਲਵਿੰਦਰ ਸਿੰਘ ਨੇ ਸ਼ਹਿਰ ਅਤੇ ਮੁਹੱਲੇ ’ਚ ਲੋਕਾਂ ਵਲੋਂ ਬਣਾਏ ਗਏ ਰੈਪਾਂ ’ਤੇ ਵੀ ਇੰਤਰਾਜ਼ ਕੀਤਾ ਤੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਅਜਿਹੇ ਰੈਪਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਜੋ ਆਵਾਜਾਈ ਵਿੱਚ ਅੜਿੱਕਾ ਬਣਦੇ ਹਨ।
ਕੀ ਕਹਿਣਾ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਦਾ
ਜਦੋਂ ਉਕਤ ਮਾਮਲੇ ਅਤੇ ਮੁਹੱਲਿਆਂ ਵਿੱਚ ਬਿਨਾਂ ਮਨਜ਼ੂਰੀ ਲੋਕਾਂ ਵਲੋਂ ਬਣਾਏ ਗਏ ਥੜਿਆਂ ਤੇ ਰੈਪਾਂ ਸਬੰਧੀ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਰਜ਼ਨੀਸ਼ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸਿਸ਼ ਕੀਤੀ ਗਈ ਤਾਂ ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਸਾਡੀ ਮੀਡੀਆ ਟੀਮ ਦਾ ਫੋਨ ਪਿੱਕ ਨਹੀਂ ਕੀਤਾ।





