ਸੇਵਾ ਅਤੇ ਸਿਮਰਨ ਦੀ ਮੂਰਤਿ ਭਾਈ ਉਪਕਾਰ ਸਿੰਘ ਜੀ ਲਿਖਾਰੀ

Spread the love

 ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪੜਦੇ ਹਨ ਭੱਟਾਂ ਦੇ ਸਵੱਈਏ

ਸ੍ਰੀ ਅੰਮ੍ਰਿਤਸਰ ਸਾਹਿਬ, 17 ਦਸੰਬਰ ( ਦਿਨੇਸ਼ ਸੋਨੀ)- ਸੇਵਾ ਦਾ ਮਨੁੱਖਤਾ ਦੇ ਕਲਿਆਣ ਵਿਚ ਵਿਸ਼ੇਸ਼ ਮਹੱਤਵ ਹੈ। ਭਗਤੀ ਮਾਰਗ ਵਿੱਚ ਸੇਵਾ ਦਾ ਵਿਸ਼ੇਸ਼ ਸਥਾਨ ਹੈ। ਸੇਵਾ ਅਸਲ ਵਿੱਚ ਬੜੀ ਉੱਚੀ ਸਾਧਨਾਂ ਹੈ। ਸੇਵਾ ਦੀ ਭਾਵਨਾ ਹਊਮੈ ਨੂੰ ਨਸ਼ਟ ਕਰਦੀ ਹੈ। ਹਊਮੈ ਧੁੰਧ ਗੁਬਾਰ ਵਾਂਗ ਅਤੇ ਸੇਵਾ ਪ੍ਰਕਾਸ਼ ਵਰਗੀ ਹੈ, ਜਿਥੇ ਸੇਵਾ ਹੋਰਨਾਂ ਲਈ ਜਿਊਣਾ ਸਿਖਾਉਂਦੀ ਹੈ, ਉਥੇ ਹਊਮੈ ਸਵਾਰਥੀ ਅਤੇ ਨਿਜ ਨੂੰ ਸਵਾਰਦੀ ਹੈ। ਸੇਵਾ ਦੀ ਭਾਵਨਾ ਹਰੇਕ ਮਨ ਵਿਚ ਪੈਦਾ ਨਹੀਂ ਹੋ ਸਕਦੀ। ਇਸ ਲਈ ਉਚੇ ਆਚਰਣ ਦੀ ਲੋੜ ਹੁੰਦੀ ਹੈ। ਸੰਤੋਖੀ ਸਾਧਕ ਹੀ ਸੇਵਾ ਵੱਲ ਰੁਚਿਤ ਹੁੰਦਾ ਹੈ। ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਐਡੀਸ਼ਨ 1999 ਦੇ ਪੰਨਾ ਨੰਬਰ 228 ‘ਤੇ ਸੇਵਾ ਦੀ ਸੰਗਿਆ ਬਾਰੇ ਲਿਿਖਆ ਹੈ ਕਿ ਸ਼ੇਵਹ ਖ਼ਿਦਮਤ, ਉਪਾਸਨਾ ਨਾਮੇ ਕੀ ਸਭ ਸੇਵਾ ਕਰੇ, ਸ਼ੇਵਹ, ਤਰੀਕਾ, ਕਾਇਦਾ ਗੁਰਮਤਿ ਪਾਏਂ ਸਹਿਜ ਸੇਵਾ, ਆਦਤ ਸੁਭਾਓ। ਸਿੰਧੀ ਵਿਚ ਸੇਵਾ ਦਾ ਉਚਾਰਨ ਸ਼ੇਵਹ ਹੈ ਅਤੇ ਇਸ ਦਾ ਅਰਥ ਪੂਜਾ ਭੇਂਟਾ ਹੈ। ਡਾਕਟਰ ਰਤਨ ਸਿੰਘ ਜੱਗੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਵਿੱਚ ਲਿਖਦੇ ਹਨ ਸਿੱਖ ਧਰਮ ਦੇ ਬਾਨੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੇਵਾ ਸ੍ਰੇਸ਼ਟ ਕਰਨੀ ਤੇ ਜ਼ੋਰ ਦਿੱਤਾ ਹੈ ਕਿ ਸੇਵਾ ਰਾਹੀਂ ਕੀਤੀ ਕਮਾਈ ਜਾਂ ਸਾਧਨਾਂ ਤੋਂ ਹੀ ਪਰਮ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਸੇਵਾ ਆਪਣੇ ਆਪ ਵਿੱਚ ਇੱਕ ਸਾਧਨਾਂ ਹੈ। ਪੱਖਾ ਝੱਲਣਾ, ਪਾਣੀ ਭਰਣਾ, ਆਟਾ ਪੀਹਣਾ, ਲੰਗਰ ਪਕਾਉਣਾ, ਵਰਤਾਉਣਾ ਬਾਹਰ ਮੁਖੀ ਸੇਵਾ ਹਨ। ਅੰਦਰ ਦੀ ਸੇਵਾ ਰਾਹੀਂ ਗੁਰੂ ਦਾ ਦਰਸ਼ਨ ਕਰਨਾ ਉਸ ਦੇ ਬਚਨ ਜਾਂ ਬਾਣੀ ਸਰਵਣ ਕਰਨਾ ਉਨ੍ਹਾਂ ਅਨੁਸਾਰ ਕਰਮ ਕਰਨੇ ਇਹ ਇਕ ਪ੍ਰਕਾਰ ਦੀ ਮਾਨਸਿਕ ਸੇਵਾ ਹੀ ਹੈ। ਸਚ ਤਾਂ ਇਹ ਹੈ ਕਿ ਗੁਰੂ ਘਰ ਵਿੱਚ ਗੁਰਗੱਦੀ ਦਾਂ ਅਧਿਕਾਰੀ ਹੀ ਉਸ ਨੂੰ ਸਮਝਿਆ ਗਿਆ ਹੈ ਜੋ ਦੋਵਾਂ ਤਰ੍ਹਾਂ ਦੀ ਸੇਵਾ ਵਿਚ ਨਿਪੁੰਨ ਹੋਵੇ। ਭਾਈ ਲਹਿਣਾ ਜੀ ਆਪਣੀ ਸੱਚੀ ਸੇਵਾ ਕਰਕੇ ਹੀ ਗੁਰੂ ਅੰਗਦ ਹੋਣ ਦਾ ਮਾਣ ਪ੍ਰਾਪਤ ਕਰ ਸਕੇ ਸਨ। ਗੁਰੂ ਅਮਰਦਾਸ ਜੀ ਦੀ ਅਦੁੱਤੀ ਗੁਰੂ ਸੇਵਾ ਸਿੱਖ ਇਤਿਹਾਸ ਵਿੱਚ ਪ੍ਰਸਿੱਧ ਹੈ। ਗੁਰੂ ਅਮਰਦਾਸ ਜੀ ਵੱਲੋਂ ਰੋਜ਼ਾਨਾ ਹੀ ਬਿਆਸ ਦਰਿਆ ਤੋਂ ਜਲ ਦੀ ਗਾਗਰ ਧਰਮ ਗੁਰੂ ਜੀ ਦੇ ਲਈ ਲਿਆਂਦੀ ਜਾਂਦੀ ਸੀ। ਘਨ੍ਹਈਆ ਜੀ ਦੇ ਚਰਿਤ੍ਰ ਵਿੱਚ ਮਨੁੱਖੀ ਸੇਵਾ ਦਾ ਉਜਲਾ ਨਮੂਨਾ ਵੇਖਿਆ ਜਾ ਸਕਦਾ ਹੈ। ਮੁਢ ਕਦੀਮਾਂ ਤੋਂ ਚਲੀ ਆ ਰਹੀਆ ਪ੍ਰਪੰਰਾਵਾਂ ਅਨੁਸਾਰ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ਤੇ ਚੱਲਣ ਵਾਲੇ, ਗੁਰੂ ਆਸ਼ੇ ਅਨੁਸਾਰ ਜੀਵਨ ਜਿਊਣ ਵਾਲੇ ਗੁਰੂ ਘਰ ਦੇ ਅਨਿਨ ਸੇਵਕ ਸਿਫ਼ਤੀ ਦੇ ਘਰ ਸ਼੍ਰੀ ਅੰਮ੍ਰਿਤਸਰ ਸਹਿਬ ਚੌਂਕ ਬਾਬਾ ਭੌੜੀ ਵਾਲਾ ਗਲੀ ਨੰਬਰ ਇਕ ਨਿਵਾਸੀ ਭਾਈ ਉਪਕਾਰ ਸਿੰਘ (76) ਜੋ ਲਗਭਗ ਛੇ ਦਹਾਕਿਆਂ ਤੋਂ ਵੱਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਗੁਰਦੁਆਰਾ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਲਿਖ਼ਣ ਦੀ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਹਨ ਜੋਂ ਅੱਜ ਵੀ ਨਿਰਵਿਘਨ ਜਾਰੀ ਹੈ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਜੀ ਦੇ ਸਿੰਘਾਸਨ ਤਿਆਰ ਕਰਨ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਪ੍ਰਕਾਸ਼ ਸੁਸ਼ੋਭਿਤ ਕਰਨ ਦੀ ਤਿਆਰੀ ਵਿਚ ਵੀ ਸੇਵਾ ਨਿਭਾਅ ਰਹੇ ਹਨ। ਨਿੱਤਾ ਪ੍ਰਤੀ ਸਵੱਈਏ ਪੜ੍ਹਨ ਵਾਲੇ ਗੁਰਮੁਖ ਪਿਆਰਿਆਂ ਨਾਲ ਵਾਰੀ ਅਨੁਸਾਰ ਸਵੱਈਏ ਪੜ੍ਹਨ ਦੀ ਸੇਵਾ ਨਿਭਾਉਂਦੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅੰਮ੍ਰਿਤ ਮਈ ਭੱਟਾਂ ਦੇ ਸਵੱਈਏ ਪੜ੍ਹਨ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਇੰਨ੍ਹਾਂ ਦੇ ਨਾਲ ਦੂਸਰੇ ਸਾਥੀ ਭਾਈ ਹਰਜੀਤ ਸਿੰਘ, ਭਾਈ ਜਸਬੀਰ ਸਿੰਘ, ਭਾਈ ਹਰਇਕਬਾਲ ਸਿੰਘ, ਭਾਈ ਨਵਨੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਤਜਿੰਦਰ ਸਿੰਘ, ਸ. ਪਗੜੀ ਹਾਊਸ ਵਾਲੇ ਆਦਿ ਵੀ ਸੇਵਾ ਨਿਭਾਅ ਰਹੇ ਹਨ। ਭਾਈ ਉਪਕਾਰ ਸਿੰਘ ਜੀ ਦਾ ਲਾਡਲਾ ਸਪੁੱਤਰ ਸ. ਸਿਮਰਨਜੀਤ ਸਿੰਘ ਵੀ ਲਗਪਗ ਦੋ ਦਹਾਕਿਆਂ ਤੋਂ ਵੱਧ ਆਪਣੇ ਪਿਤਾ ਜੀ ਨਾਲ ਇਹ ਸੇਵਾਵਾਂ ਨਿਭਾਅ ਰਿਹਾ ਹੈ। ਇਸ ਨੇਕ

ਕਾਰਜ ਵਿਚ ਭਾਈ ਉਪਕਾਰ ਸਿੰਘ ਜੀ ਦੀ ਧਰਮ ਪਤਨੀ ਬੀਬਾ ਦਵਿੰਦਰ ਕੌਰ ਪਿਛਲੇ 6 ਦਹਾਕਿਆਂ ਤੋਂ ਵੱਧ ਸ਼ਿਦਤ ਨਾਲ ਚਾਂਈ ਚਾਂਈ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਪਣੇ ਸਿਰ ਦੇ ਸਾਈਂ ਅਤੇ ਬੇਟੇ ਨੂੰ ਗੁਰੂ ਘਰ ਵੱਲ ਤੋਂਰਨ ਦੇ ਵੱਡਮੁੱਲੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਭਾਈ ਉਪਕਾਰ ਸਿੰਘ ਰੋਜ਼ਾਨਾ ਤਾਰਿਆਂ ਦੀ ਲੋਏ- ਲੋਏ ਬਿੰਨ੍ਹਾਂ ਕਿਸੇ ਮੌਸਮ ਦੀ ਪ੍ਰਵਾਹ ਕਰਦਿਆਂ ਰਾਤ ਇਕ ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਬਿੰਨ੍ਹਾਂ ਨਾਗਾ ਚਾਲੇ ਪਾ ਦਿੰਦੇ ਹਨ। ਇੱਥੇ ਦੱਸਣਯੋਗ ਹੈ ਕਿ ਬੀਤੇ ਵਰ੍ਹੇ 12 ਨਵੰਬਰ ਦੀਵਾਲੀ ਤੋਂ ਇਕ ਦਿਨ ਪਹਿਲਾ ਭਾਈ ਉਪਕਾਰ ਸਿੰਘ ਜੀ ਦਾ ਬੇਟਾ ਸੱਚਖੰਡ ਵਾਸੀ ਸ. ਜਸਜੋਤ ਸਿੰਘ ਰੂਬਲ ਭਰ ਜਵਾਨੀ ਵਿਚ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ, ਦੇ ਅੰਤਿਮ ਸੰਸਕਾਰ ਤੋਂ ਦੂਸਰੇ ਦਿਨ ਭਾਈ ਲਿਖਾਰੀ ਜੀ ਦੇ ਪਦ ਚਿੰਨ੍ਹਾਂ ‘ਤੇ ਚਲਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਅਤੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹ ਸਾਬਤ ਕਰ ਦਿੱਤਾ ਕਿ ਗੁਰੂ ਪਹਿਲਾਂ ਬਾਕੀ ਦੁਨਿਆਵੀ ਕੰਮ ਬਾਅਦ ਵਿੱਚ। ਕੇਵਲ ਇੰਨ੍ਹਾਂ ਹੀ ਨਹੀਂ, ਬਲਕਿ ਸ਼ਹੀਦ ਊਧਮ ਸਿੰਘ ਹਾਲ ਗੇਟ ਭਗਤਾਂ ਵਾਲਾ ਵਿਖੇ ਉਸ ਦੀ ਅੰਤਿਮ ਅਰਦਾਸ ਮੌਕੇ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਹੁਕਮਨਾਮਾ ਲੈਣ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਸਵੱਈਏ ਪੜ੍ਹਨ ਦੀ ਮਰਿਆਦਾ ਨੂੰ ਵੀ ਕਾਇਮ ਰੱਖਿਆ। ਸੱਚ ਜਾਣਿਉ ਦਾਸ ਸ. ਰਜਿੰਦਰ ਸਿੰਘ ਸਾਂਘਾ ਉਸ ਵਕਤ ਉਥੇ ਹੀ ਸੀ। ਪਰਿਵਾਰ ਨਾਲ ਦੱੁਖ ਦਾ ਪ੍ਰਗਟਾਵਾ ਕਰਨ ਆਈ ਸੰਗਤਾਂ ਦੇ ਨੇਤਰਾਂ ਤੋਂ ਆਪ ਮੁਹਾਰੇ ਜਲ ਵਹਿ ਰਿਹਾ ਸੀ ਅਤੇ ਸਮੂਹ ਸੰਗਤਾਂ ਸੱਚਖੰਡ ਦਾ ਨਜ਼ਾਰਾ ਮਹਿਸੂਸ ਕਰਦਿਆ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਜੂਨ 1984 ਸਾਕਾ ਨੀਲਾ ਤਾਰਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਤਰ ਦਿੰਦਿਆਂ ਹੀ ਭਾਈ ਸਾਹਿਬ ਜੀ ਦੇ ਨੈਣ ਕਟੋਰੇ ਭਰ ਗਏ। ਬਹੁਤ ਠਰ੍ਹੰਮੇਂ ਨਾਲ ਆਪਣੇ ਆਪ ਨੂੰ ਸੰਭਾਲਦਿਆਂ ਉਨ੍ਹਾਂ ਦੱਸਿਆ ਕਿ ਫੌਜਾਂ ਦੇ ਰੋਕ ਟੋਕ ਦੀ ਪ੍ਰਵਾਹ ਨਾ ਕਰਦਿਆਂ ਜਾਣ ਹਥੇਲੀ ਤੇ ਰੱਖ ਕੇ ਨਤਮਸਤਕ ਹੋਣ ਲਈ ਸੇਵਾ ਵਿਚ ਵਿਘਣ ਨਹੀਂ ਆਉਣ ਦਿੱਤਾ। ਮਨ ਅੰਦਰ ਇਹੀ ਭਾਵਨਾ ਸੀ ਕਿ ਇਹ ਸੇਵਾ ਅੰਤਿਮ ਸਵਾਸਾਂ ਸੰਗ ਨਿਭ ਜਾਵੇ। ਭਿੱਜੇ ਹੋਏ ਨੇਤਰਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦਿਆਂ ਉਨ੍ਹਾਂ ਦੱਸਿਆ ਕਿ ਇਕ ਦਿਨ ਜਦੋ ਕਰਫਿਊ ਵਿਚ ਢਿੱਲ ਦਿੱਤੀ ਗਈ ਸੀ ਤਾਂ ਮੈਂ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਆ ਰਿਹਾ ਸੀ, ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਮਿਲਟਰੀ ਵਾਲਿਆਂ ਨੇ ਆਪਣੇ ਅੰਦਾਜ਼ ਵਿਚ ਰੋਕ ਲਿਆ, ਮੈਂ ਡਰਿਆ ਨਹੀਂ ਮੇਰੇ ਕੋਲ ਕੁਝ ਗੁਰਬਾਣੀ ਦੇ ਅਰਥਾਂ ਵਾਲੀਆ ਕੁਝ ਪੋਥੀਆਂ ਸਨ, ਉਸ ਨੇ ਪਹਿਲਾ ਸਵਾਲ ਕੀਤਾ ਕਿ ਇਸ ਕਿਤਾਬ ਮੇਂ ਕਯਾ ਹੈ, ਜੋਂ ਤੁਮ ਲੋਗ ਮੌਤ ਸੇ ਭੀ ਨਹੀਂ ਡਰਤੇ, ਔਰ ਯਹਾਂ ਖੀਚੇ ਚਲੇ ਆ ਰਹੇ ਹੋ? ਮੈਂ ਕੇਵਲ ਉਸ ਨੂੰ ਇੰਨ੍ਹਾਂ ਹੀ ਕਿਹਾ ਕਿ ਇਸ ਮੇਂ ਹਮਾਰੀ ਜਿੰਦ-ਜਾਨ ਹੈ। ਉਸ ਨੇ ਕਿਹਾ ਕਿ ਮੈਂ ਇਸੇ ਛੂਹ ਸਕਤਾਂ ਹੂੰ ? ਮੈ ਗੁਰਬਾਣੀ ਦੀਆਂ ਪੋਥੀਆਂ ਉਸ ਵੱਲ ਅਗਾਂਹ ਕੀਤੀਆਂ ਉਸ ਨੇ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ ਚੁੰਮਦਿਆਂ ਆਪਣੇ ਮਸਤਕ ਤੇ ਲਗਾਇਆਂ ਅਤੇ ਮੈਨੂੰ ਅੱਗੇ ਵਧਣ ਦਾ ਇਸ਼ਾਰਾ ਕੀਤਾ। ਨਸ਼ਿਆਂ ‘ਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇ ਜਵਾਬ ਵਿੱਚ ਭਾਈ ਉਪਕਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀਂ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਆਪਣੇ-ਆਪਣੇ ਢੰਗ ਤਰੀਕਿਆਂ ਨਾਲ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਅਤੇ ਭਰੂਣ ਹੱਤਿਆਂ ਜਿਹੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਲਈ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਧਾਰਮਿਕ ਸਭਾ ਸੁਸਾਇਟੀਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਭਰੋਸੇ ਵਿੱਚ ਲੈ ਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਵੱਲੋ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦਾ ਮੋਢੇ ਨਾਲ ਮੋਢਾ ਜੋੜ ਕੇ ਇਸ ਲਹਿਰ ਦਾ ਹਿੱਸਾ ਬਣੀਏ। ਜੇ ਸਮਾਂ ਰਹਿੰਦਿਆਂ ਅਸੀਂ ਇਸ ਵਿਚ ਸੁਚੇਤ ਨਾਂ ਹੋਏ ਤਾਂ ਆਉਣ ਵਾਲੀਆ ਪੀੜ੍ਹੀਆਂ ਸਾਨੂੰ ਕਦੀ ਮੁਆਫ਼ ਨਹੀਂ ਕਰਨਗੀਆਂ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *